ਅਮਰਪ੍ਰੀਤ ਸਿੰਘ ਨੇ ਖ਼ਾਲਸਾ ਏਡ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ


ਪਟਿਆਲਾ- ਪੂਰੇ ਵਿਸ਼ਵ ਭਰ ‘ਚ ਖ਼ਾਲਸਾ ਏਡ (NGO) ਆਪਣੇ ਨਾਂ ਨਾਲ ਹੀ ਨਹੀਂ ਸਗੋਂ ਕੀਤੇ ਗਏ ਕੰਮਾਂ ਕਾਰਨ ਵੀ ਕਾਫ਼ੀ ਸੁਰਖੀਆਂ ‘ਚ ਰਹਿੰਦੀ ਹੈ। ਖ਼ਾਲਸਾ ਏਡ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੀ ਹੈ ਅਤੇ ਲੋਕਾਂ ਦਾ ਭਲਾ ਕਰਨ ਲਈ ਸਭ ਤੋਂ ਪਹਿਲਾਂ ਅੱਗੇ ਆਉਂਦੀ ਹੈ। ਦੱਸ ਦੇਈਏ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਦੇ ਏਸ਼ੀਆ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਮਰਪ੍ਰੀਤ ਸਿੰਘ ਨੇ ਇਸ ਸੰਬੰਧੀ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ ਹੈ।

ਉਨ੍ਹਾਂ ਲਿਖਿਆ ਹੈ ਕਿ ਸਤਿਕਾਰਯੋਗ ਸੰਗਤ ਜੀਓ, ਇਹ ਫ਼ੈਸਲਾ ਮੈਂ ਅਕਾਲ ਪੁਰਖ ਦੇ ਹੁਕਮ ‘ਚ ਕਰ ਰਿਹਾ ਹਾਂ, ਕੁੱਝ ਮਹਤੱਵਪੂਰਨ ਕਾਰਨਾਂ ਕਰਕੇ ਮੈਂ ਅਮਰਪ੍ਰੀਤ ਸਿੰਘ ਪਿਛਲੇ ਦਿਨੀਂ ਖ਼ਾਲਸਾ ਏਡ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਖ਼ਾਲਸਾ ਏਡ ਮੇਰੇ ਲਈ ਮਹਿਜ਼ ਸੰਸਥਾ ਨਹੀਂ ਸਗੋਂ ਉਹ ਮੇਰਾ ਪਰਿਵਾਰ ਸੀ ਤੇ ਇੱਕ ਪੁੱਤਰ ਵਾਂਗ ਜਿੰਨਾ ਹੋ ਸਕਿਆ ਮੈਂ ਉਸਦੀ ਤਹਿ ਦਿਲੋਂ ਸੇਵਾ ਕੀਤੀ। ਆਪਣੀ ਜ਼ਿੰਦਗੀ ਦੇ 10 ਸਾਲ ਖ਼ਾਲਸਾ ਏਡ ਦੇ ਲੇਖੇ ਲਾਉਣੇ ਮੇਰੇ ਲਈ ਭਾਗਾਂ ਵਾਲੀ ਗੱਲ ਹੈ। ਅਸੀਂ ਅਨੇਕਾਂ ਔਕੜਾਂ, ਕੁਦਰਤੀ ਆਫ਼ਤਾਂ ਅਤੇ ਸਰਕਾਰੀ ਖਿੱਚ-ਧੂਹ ਦਾ ਪੂਰੀ ਚੜ੍ਹਦੀਕਲਾ ਨਾਲ ਸਾਹਮਣਾ ਕੀਤਾ। ਮੇਰੀ ਵਾਹਿਗੁਰੂ ਜੀ ਦੇ ਚਰਨਾਂ ‘ਚ ਅਰਦਾਸ ਹੈ ਕਿ ਖ਼ਾਲਸਾ ਏਡ ਸਦਾ ਚੜ੍ਹਦੀਕਲਾ ‘ਚ ਸੇਵਾ ਕਰਦੀ ਰਹੇ।

ਉਨ੍ਹਾਂ ਅੱਗੇ ਲਿਖਿਆ ਕਿ ਇਸਦੇ ਨਾਲ ਹੀ ਮੈਂ ਸਾਰੇ ਵਲੰਟੀਅਰਾਂ ਤੇ ਸਟਾਫ਼ ਦਾ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਤੁਹਾਡੇ ਤੋਂ ਬਿਨਾਂ ਮੈਂ ਇਹ ਕਾਰਜ ਇਕੱਲਾ ਨਹੀਂ ਕਰ ਸਕਦਾ ਸੀ। ਸੰਗਤ ਦੇ ਅਥਾਹ ਪਿਆਰ ਤੇ ਸਾਥ ਲਈ ਦਿਲੋਂ ਧੰਨਵਾਦ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐੱਨ.ਆਈ.ਏ. ਨੇ 2 ਅਗਸਤ ਨੂੰ ਸਵੇਰੇ 5.30 ਵਜੇ ਤੋਂ 10:30 ਵਜੇ ਤੱਕ ਖ਼ਾਲਸਾ ਏਡ ਦੇ ਦਫ਼ਤਰ ਅਤੇ ਅਮਰਪ੍ਰੀਤ ਸਿੰਘ ਦੇ ਘਰ ਛਾਪਾ ਮਾਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸ ਸਮੇਂ ਖ਼ਾਲਸਾ ਏਡ ਦੇ ਅਹਿਮ ਦਸਤਾਵੇਜ਼ ਐੱਨ.ਆਈ.ਏ. ਨੇ ਅਪਣੇ ਕਬਜ਼ੇ ਵਿਚ ਲੈ ਲਏ ਸਨ। ਇਸ ਦੌਰਾਨ ਅਮਰਪ੍ਰੀਤ ਸਿੰਘ ਨੇ ਅਪਣਾ ਪੱਖ ਪੇਸ਼ ਕਰਦਿਆਂ ਸਪੱਸ਼ਟ ਕੀਤਾ ਸੀ ਕਿ ਖ਼ਾਲਸਾ ਏਡ ਉਹ ਜਾਣਕਾਰੀ ਦਿੰਦੀ ਰਹੇਗੀ ਜਿਸ ਦੀ ਐੱਨ.ਆਈ.ਏ. ਨੂੰ ਲੋੜ ਹੋਵੇਗੀ। ਪੰਜਾਬ ਵਿਚ ਇਸ ਛਾਪੇਮਾਰੀ ਦਾ ਕਾਫ਼ੀ ਵਿਰੋਧ ਵੀ ਹੋਇਆ ਸੀ।

ਸੂਤਰਾਂ ਅਨੁਸਾਰ 2021 ‘ਚ ਕਿਸਾਨਾਂ ਦੇ ਧਰਨੇ ਦੌਰਾਨ ਅਮਰੀਕਾ ਸਥਿਤ ਅੱਤਵਾਦੀ ਸੰਗਠਨ ਸਿੱਖ ਫ਼ਾਰ ਜਸਟਿਸ (ਐੱਸਐੱਫਜੇ) ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਖ਼ਾਲਸਾ ਏਡ ਐੱਨਆਈਏ ਦੇ ਰਡਾਰ ‘ਚ ਆ ਗਈ ਸੀ। ਜਾਂਚ ਏਜੰਸੀ ਨੇ ਦੋਸ਼ ਲਾਇਆ ਕਿ SFJ ਨੇ ‘ਭਾਰਤ ਵਿਰੁੱਧ ਪ੍ਰਚਾਰ’ ਫੈਲਾਉਣ ਲਈ ‘ਖ਼ਾਲਿਸਤਾਨ ਪੱਖੀ ਤੱਤਾਂ’ ਨੂੰ ਗ਼ੈਰ-ਸਰਕਾਰੀ ਸੰਗਠਨਾਂ ਰਾਹੀਂ ਵਿਦੇਸ਼ੀ ਫੰਡ ਭੇਜੇ ਸਨ।

Leave a Reply

Your email address will not be published. Required fields are marked *