ਜਲੰਧਰ – ਕਾਂਗਰਸੀ MLA ਸੁਖਪਾਲ ਸਿੰਘ ਖਹਿਰਾ ਨੂੰ ਅੱਜ ਸਵੇਰੇ 6 ਵਜੇ ਦੇ ਕਰੀਬ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੀ ਇਸ ਗ੍ਰਿਫ਼ਤਾਰੀ ਨੂੰ ਕਾਂਗਰਸੀ ਆਗੂਆਂ ਵੱਲੋਂ ਨਿੰਦਿਆ ਜਾ ਰਿਹਾ ਹੈ ਅਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮਾਮਲੇ ‘ਚ ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਜਦੋਂ ਉਨ੍ਹਾਂ ਤੋਂ ਖਹਿਰਾ ਦੀ ਗ੍ਰਿਫ਼਼ਤਾਰੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੀ ਸੋਚ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸ਼ਹਾਦਤ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ। ਇਕ ਆਜ਼ਾਦ ਦੇਸ਼ ਹੋਣ ਅਤੇ ਸੰਵਿਧਾਨ ‘ਚ ਸਰਕਾਰ ਦੇ ਬਾਰੇ ਬੋਲਣ ਦੀ ਆਜ਼ਾਦੀ ਦੇ ਹੱਕ ਨੂੰ ਮੌਜੂਦਾ ਸਰਕਾਰ ਦਬਾਉਣਾ ਚਾਹੁੰਦੀ ਹੈ। ਇਸੇ ਕਾਰਨ ਜਦੋਂ ਵੀ ਕੋਈ ਸਰਕਾਰ ਖ਼ਿਲਾਫ਼ ਬੋਲਦਾ ਹੈ ਤਾਂ ਸਰਕਾਰ ਉਸ ਖ਼ਿਲਾਫ਼ ਝੂਠੀ ਕਾਰਵਾਈ ਦੀਆਂ ਯੋਜਨਾਵਾਂ ਬਣਾਉਣ ਲਗ ਜਾਂਦੀ ਹੈ। ਇਸੇ ਕਾਰਨ ਖਹਿਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਕਾਰਨ ਸਿਰਫ਼ ਕਾਂਗਰਸੀ ਆਗੂ ਹੀ ਨਹੀਂ ਸਗੋਂ ਬਾਕੀ ਪਾਰਟੀਆਂ ਦੇ ਆਗੂ ਵੀ ਖਹਿਰਾ ਦੇ ਸਮਰਥਨ ‘ਚ ਆ ਕੇ ਖੜ੍ਹ ਗਏ ਹਨ।
ਦੱਸ ਦੇਈਏ ਕਿ ਸੁਖਪਾਲ ਖਹਿਰਾ ਨੂੰ ਸਾਲ 2015 ਦੇ ਇਕ 8 ਸਾਲ ਪੁਰਾਣੇ ਕੇਸ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕੇਸ ‘ਚ ਉਨ੍ਹਾਂ ‘ਤੇ ਨਸ਼ਾ ਤਸਕਰੀ, ਨਕਲੀ ਪਾਸਪੋਰਟ ਬਣਾਉਣ ਅਤੇ ਪੈਸੇ ਦੀ ਹੇਰਾਫੇਰੀ ਕਰਨ ਦੇ ਦੋਸ਼ ਲਗਾਏ ਗਏ ਸਨ। ਹਾਲਾਂਕਿ ਇਸ ਮਾਮਲੇ ‘ਚ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ, ਪਰ ਹੁਣ ਜਲਾਲਾਬਾਦ ਪੁਲਸ ਨੇ ਉਨ੍ਹਾਂ ਖ਼ਿਲਾਫ਼ ਸਬੂਤ ਮਿਲਣ ਦਾ ਦਾਅਵਾ ਕਰਦੇ ਹੋਏ ਦੁਬਾਰਾ ਗ੍ਰਿਫ਼ਤਾਰ ਕੀਤਾ ਹੈ।