ਜਲੰਧਰ : ਭੁਲੱਥ ਦੇ MLA ਸੁਖਪਾਲ ਸਿੰਘ ਖਹਿਰਾ ਨੂੰ ਅੱਜ ਸਵੇਰੇ 6 ਵਜੇ ਦੇ ਕਰੀਬ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀ ਚੰਡੀਗੜ੍ਹ ਪੁਲਸ ਨੇ ਨਹੀਂ, ਸਗੋਂ ਜਲਾਲਾਬਾਦ ਪੁਲਸ ਵੱਲੋਂ ਕੀਤੀ ਗਈ ਹੈ। ਪੁਲਸ ਅਨੁਸਾਰ ਇਹ ਕਾਰਵਾਈ ਖਹਿਰਾ ਖ਼ਿਲਾਫ 2015 ਦੇ NDPS ਮਾਮਲੇ ‘ਚ ਕੀਤੀ ਗਈ ਹੈ।
ਦੱਸ ਦੇਈਏ ਕਿ 2015 ‘ਚ ਜਲਾਲਾਬਾਦ ਪੁਲਸ ਵੱਲੋਂ ਸੁਖਪਾਲ ਖਹਿਰਾ ਦੇ ਇਕ ਕਰੀਬੀ ਗੁਰਦੇਵ ਸਿੰਘ ਖਹਿਰਾ ਸਮੇਤ 9 ਲੋਕਾਂ ‘ਤੇ ਕਾਰਵਾਈ ਕੀਤੀ ਗਈ ਸੀ, ਜਿਨ੍ਹਾਂ ਕੋਲੋਂ ਇਕ ਕਿਲੋ ਹੈਰੋਇਨ, ਦੇਸੀ ਪਿਸਤੌਲ, ਸੋਨੇ ਦੇ ਬਿਸਕੁਟ ਅਤੇ ਪਾਕਿਸਤਾਨੀ ਸਿਮ ਵੀ ਬਰਾਮਦ ਹੋਏ ਸਨ। ਉਸ ਮਾਮਲੇ ‘ਚ ਗੁਰਦੇਵ ਖਹਿਰਾ ਦਾ ਕਰੀਬੀ ਹੋਣ ਕਾਰਨ ਸੁਖਪਾਲ ਖਹਿਰਾ ਵੀ ਸ਼ੱਕ ਦੇ ਘੇਰੇ ‘ਚ ਆ ਗਏ ਸਨ। ਜਾਂਚ ਪੜਤਾਲ ਮਗਰੋਂ ਸੁਖਪਾਲ ਸਿੰਘ ਖਹਿਰਾ ਨੂੰ ਕੋਈ ਸਬੂਤ ਨਾ ਮਿਲਣ ਕਾਰਨ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਕਲੀਨ ਚਿਟ ਦੇ ਦਿੱਤੀ ਗਈ ਸੀ, ਪਰ ਕੇਸ ਦੇ ਮੁੱਖ ਦੋਸ਼ੀ ਗੁਰਦੇਵ ਖਹਿਰਾ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਪਹਿਲਾਂ ਵੀ ਹੋ ਚੁੱਕੀ ਹੈ ਖਹਿਰਾ ਦੀ ਗ੍ਰਿਫ਼ਤਾਰੀ
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਸੁਖਪਾਲ ਖਹਿਰਾ ਵਿਵਾਦਾਂ ‘ਚ ਘਿਰੇ ਹੋਣ। 2015 ਦੇ NDPS ਮਾਮਲੇ ‘ਚ ਵੀ ਖਹਿਰਾ ਨੂੰ ਨਸ਼ਾ ਤਸਕਰਾਂ ਨਾਲ ਸੰਬੰਧ ਰੱਖਣ ਅਤੇ ਨਕਲੀ ਪਾਸਪੋਰਟ ਬਣਾਉਣ ਵਾਲੇ ਰੈਕਟ ‘ਚ ਸ਼ਾਮਲ ਹੋਣ ਦੇ ਦੋਸ਼ਾਂ ਹੇਠ ਨਵੰਬਰ 2021 ‘ਚ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੁਬਾਰਾ ਕਾਰਵਾਈ ਕਿਉਂ ?
ਹਾਲਾਂਕਿ 2015 ‘ਚ ਖਹਿਰਾ ਨੂੰ ਸੁਪਰੀਮ ਕੋਰਟ ਨੇ ਰਾਹਤ ਦੇ ਦਿੱਤੀ ਸੀ, ਪਰ ਹੁਣ ਜਲਾਲਾਬਾਦ ਪੁਲਸ ਮੁਤਾਬਕ ਉਨ੍ਹਾਂ ਨੂੰ ਖਹਿਰਾ ਖ਼ਿਲਾਫ਼ ਸਬੂਤ ਮਿਲ ਗਏ ਹਨ ਜਿਸ ਕਾਰਨ ਹੁਣ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇਗੀ। ਖਹਿਰਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੁਣ ਕੋਰਟ ‘ਚ ਪੇਸ਼ ਕੀਤਾ ਜਾਵੇਗਾ ਜਿੱਥੇ ਉਸ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਕੀ ਕਿਹਾ ਖਹਿਰਾ ਨੇ ?
ਖਹਿਰਾ ਅਨੁਸਾਰ ਇਹ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਦਲੇ ਦੀ ਭਾਵਨਾ ਨਾਲ ਕੀਤੀ ਹੈ। ਉਨ੍ਹਾਂ ਅਨੁਸਾਰ AAP ਸਰਕਾਰ ਖ਼ਿਲਾਫ਼ ਖੁੱਲ ਕੇ ਬੋਲਣ ਕਾਰਨ ਹੀ ਉਨ੍ਹਾਂ ਨੂੰ ਮਾਨ ਨੇ ਰੰਜਿਸ਼ ਕਾਰਨ ਗ੍ਰਿਫ਼ਤਾਰ ਕਰਵਾਇਆ ਹੈ।