CM ਮਾਨ ਦਾ ਸਾਬਕਾ ਖ਼ਜ਼ਾਨਾ ਮੰਤਰੀ ‘ਤੇ ਸ਼ਬਦੀ ਹਮਲਾ, ਕਿਹਾ- ‘ਖ਼ਾਲੀ ਨੀਅਤ’ ਨੇ ਨਿਰਾਸ਼ ਕੀਤੇ ਨੌਜਵਾਨ


ਚੰਡੀਗੜ੍ਹ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ‘ਤੇ ਬਿਨਾਂ ਨਾਂ ਲੈ ਨਿਸ਼ਾਨਾ ਵਿੰਨ੍ਹਿਆ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਖ਼ਜ਼ਾਨਾ ਮੰਤਰੀ 9 ਸਾਲ ਖ਼ਜ਼ਾਨਾ ਖ਼ਾਲੀ ਹੋਣ ਦਾ ਰਾਗ ਅਲਾਪਦਾ ਰਿਹਾ। ਜਿਸ ਕਾਰਨ ਨੌਕਰੀਆਂ ਦੀ ਆਸ ‘ਚ ਬੈਠੇ ਨਿਰਾਸ਼ ਨੌਜਵਾਨਾਂ ਨੇ ਅੱਕ ਕੇ ਵਿਦੇਸ਼ਾਂ ਵੱਲ ਨੂੰ ਵਹੀਰਾਂ ਘੱਤ ਲਈਆਂ ਅਤੇ ਉੱਥੇ ਹੀ ਵਸ ਗਏ। ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਖ਼ਜ਼ਾਨਾ ਕਦੇ ਖ਼ਾਲੀ ਨਹੀਂ ਹੁੰਦਾ ਸਗੋਂ ਨੀਅਤਾਂ ਖ਼ਾਲੀ ਹੁੰਦੀਆਂ ਹਨ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵਧੀਆ ਸਿੱਖਿਆ ਸਹੂਲਤਾਂ ਕਾਰਨ ਅੱਜ ਵਿਦਿਆਰਥੀ ਵਧੀਆ ਪੜ੍ਹਾਈ ਕਰ ਰਹੇ ਹਨ ਅਤੇ ਚੰਗੇ ਨਤੀਜਿਆਂ ਕਾਰਨ ਉਨ੍ਹਾਂ ਨੂੰ ਹੁਣ ਇੱਥੇ ਹੀ ਨੌਕਰੀਆਂ ਮਿਲ ਰਹੀਆਂ ਹਨ। ਸਾਡੀ ਸਰਕਾਰ ਨੇ ਹੁਣ ਤੱਕ 36,000 ਤੋਂ ਵੱਧ ਨੌਕਰੀਆਂ ਦਿੱਤੀਆਂ ਹਨ ਤੇ ਸਾਰੀਆਂ ਨੌਕਰੀਆਂ ਬਿਨਾਂ ਸਿਫਾਰਿਸ਼ ਤੇ ਰਿਸ਼ਵਤ ਤੋਂ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਨਵ ਨਿਯੁਕਤ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਬਿਨਾਂ ਸਿਫਾਰਿਸ਼ ਤੇ ਰਿਸ਼ਵਤ ਦੇ ਨੌਕਰੀਆਂ ਮਿਲੀਆਂ ਹਨ ਤਾਂ ਤੁਸੀਂ ਹੁਣ ਲੋਕਾਂ ਦੇ ਕੰਮ ਵੀ ਇਸੇ ਤਰ੍ਹਾਂ ਕਰਨੇ ਹਨ। ਜੇਕਰ ਕੋਈ ਕੰਮ ਹੋਣ ਵਾਲਾ ਤਾਂ ਬਿਨਾਂ ਰਿਸ਼ਵਤ ਦੇ ਕਰਨਾ ਹੈ ਤੇ ਜੇਕਰ ਕੋਈ ਕੰਮ ਨਹੀਂ ਹੋਣ ਵਾਲਾ ਤਾਂ ਕਿਸੇ ਦੀ ਸਿਫਾਰਸ਼ ਨਹੀਂ ਸੁਣਨੀ।

ਪਹਿਲੀਆਂ ਸਰਕਾਰਾਂ ‘ਤੇ ਨਿਸ਼ਾਨਾ ਵਿੰਨ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ‘ਰਾਜ ਨਹੀਂ ਸੇਵਾ’ ਕਰਨ ਵਾਲੀਆਂ ਸਰਕਾਰਾਂ ਦੇ ਪੰਜਾਬ ਸਿਰ ਚੜ੍ਹਾਇਆ ਕਰਜ਼ਾ ਉਤਾਰ ਰਹੇ ਹਾਂ। ਹੁਣ ਵੀ ਉਹੀ ਦਫ਼ਤਰ ਹਨ, ਉਹੀ ਕਰਮਚਾਰੀ ਹਨ, ਬਸ ਕੰਮ ਕਰਨ ਦੇ ਤਰੀਕੇ ਬਦਲ ਗਏ ਹਨ। ਪਹਿਲਾਂ ਫਾਈਲਾਂ ਦਫ਼ਤਰਾਂ ‘ਚ ਲਟਕੀਆਂ ਰਹਿੰਦੀਆਂ ਸਨ, ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਵੀ ਰੁਕੀਆਂ ਰਹਿੰਦੀਆਂ ਸਨ। ਹੁਣ ਹਾਲਾਤ ਪਹਿਲਾਂ ਵਾਲੇ ਨਹੀਂ ਰਹੇ। ਹੁਣ ਫਾਈਲਾਂ ਨੂੰ ਰੋਕ ਕੇ ਨਹੀਂ ਰੱਖਿਆ ਜਾਂਦਾ, ਸਗੋਂ ਉਨ੍ਹਾਂ ਨੂੰ ਨਾਲੋ-ਨਾਲ ਅੱਗੇ ਭੇਜ ਕੇ ਕੰਮ ਕੀਤਾ ਜਾਂਦਾ ਹੈ। ਉਨ੍ਹਾਂ ਨੇ ਸੂਬੇ ਦੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਹੁਣ ਵਿਦੇਸ਼ਾਂ ਨੂੰ ਜਾਣ ਦਾ ਰਾਹ ਛੱਡ ਕੇ ਆਪਣੇ ਦੇਸ਼ ਅਤੇ ਪੰਜਾਬ ਦੇ ਹਾਲਾਤ ਨੂੰ ਸੁਧਾਰਨ ‘ਚ ਯੋਗਦਾਨ ਦੇਣ, ਤਾਂ ਜੋ ਪੁਰਾਣੀਆਂ ਸਰਕਾਰਾਂ ਵੱਲੋਂ ਕੀਤੇ ਗਏ ਨੁਕਸਾਨ ਨੂੰ ਠੀਕ ਕੀਤਾ ਜਾ ਸਕੇ।
ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਆਪਣੀ ਸਰਕਾਰ ਦੌਰਾਨ ਸੂਬੇ ‘ਚ ਆਈਆਂ ਤਬਦੀਲੀਆਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ ਦੇਣ ਦੇ ਵਾਅਦੇ ਨੂੰ ਉਨ੍ਹਾਂ ਦੀ ਸਰਕਾਰ ਨੇ ਪੂਰਾ ਕੀਤਾ ਹੈ। ਹੁਣ ਸੂਬੇ ਦੇ ਲਗਭਗ 80 ਫ਼ੀਸਦੀ ਘਰਾਂ ਦਾ ਬਿਜਲੀ ਬਿਲ ਜ਼ੀਰੋ ਆ ਰਿਹਾ ਹੈ। ਇਸ ਮੁਫ਼ਤ ਬਿਜਲੀ ਦੇ ਫ਼ੈਸਲੇ ਕਾਰਨ ਸੂਬੇ ਦੇ ਬਿਜਲੀ ਵਿਭਾਗ ਨੂੰ ਵੀ ਨੁਕਸਾਨ ਨਹੀਂ ਹੋਣ ਦਿੱਤਾ ਗਿਆ, ਸਗੋਂ ਬਿਜਲੀ ਵਿਭਾਗ ਨੂੰ 20,000 ਕਰੋੜ ਰੁਪਏ ਦਾ ਭੁਗਤਾਨ ਵੀ ਕੀਤਾ ਗਿਆ ਹੈ।

Leave a Reply

Your email address will not be published. Required fields are marked *