ਚੰਡੀਗੜ੍ਹ – ਅੱਜ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਖਬੀਰ ਸਿੰਘ ਬਾਦਲ ‘ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਐਲਾਨ ਕੀਤਾ ਸੀ ਕਿ ਪੰਜਾਬ ਦਾ ਜਿਹੜਾ ਖਿਡਾਰੀ ਓਲੰਪਿਕ ‘ਚੋਂ ਗੋਲਡ ਮੈਡਲ ਲੈ ਕੇ ਆਵੇਗਾ ਉਸਨੂੰ ਇਨਾਮ ਵਜੋਂ 5 ਕਰੋੜ ਰੁਪਏ ਦਿੱਤੇ ਜਾਣਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਐਲਾਨ ਦਾ ਕੀ ਹੈ ਭਾਵੇਂ 100 ਕਰੋੜ ਕਹਿ ਦਿਓ, ਜਦੋਂ ਪਤਾ ਹੋਵੇ ਵੀ ਕਿਹੜਾ ਕਿਸੇ ਨੂੰ ਗੋਲਡ ਮੈਡਲ ਜਿੱਤਣ ਦੇਣਾ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਖਿਡਾਰੀਆਂ ਕੋਲ ਭੱਜਣ ਲਈ ਬੂਟ ਨਾ ਹੋਣ ਤੇ ਉਹ ਸੂਏ ਦੀਆਂ ਪਟੜੀਆਂ ‘ਤੇ ਨੰਗੇ ਪੈਰੀਂ ਭੱਜਦੇ ਹੋਣ ਤਾਂ ਗੋਲਡ ਮੈਡਲ ਕਿਵੇਂ ਜਿੱਤ ਸਕਦੇ ਹਨ। ਸਾਡੀ ਸਰਕਾਰ ਨੇ ਅੰਤਰਰਾਸ਼ਟਰੀ ਪੱਧਰ ‘ਤੇ ਤਮਗਾ ਜੇਤੂ ਖਿ਼ਡਾਰੀ ਨੂੰ 70 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਅਸੀਂ ਖਿਡਾਰੀਆਂ ਨੂੰ 20 ਲੱਖ ਰੁਪਏ ਪਹਿਲਾਂ ਦੇਵਾਂਗੇ ਤਾਂ ਜੋ ਉਹ ਮੈਡਲ ਜਿੱਤਣ ਲਈ ਹਰ ਤਰ੍ਹਾਂ ਦੀ ਤਿਆਰੀ ਕਰ ਸਕਣ।
ਪਿਛਲੀਆਂ ਸਰਕਾਰਾਂ ‘ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਤਾਂ ਰਾਜ ਨਹੀਂ ਸੇਵਾ ਕਰਨ ਵਾਲਿਆਂ ਦਾ ਚੜ੍ਹਾਇਆ ਕਰਜ਼ਾ ਉਤਾਰ ਰਹੇ ਹਾਂ। ਪਹਿਲਾਂ ਵਾਲੇ ਮੁੱਖ ਮੰਤਰੀ ਮੇਰੇ ਲਈ 9020 ਕਰੋੜ ਦਾ ਕਰਜ਼ਾ ਛੱਡ ਕੇ ਗਏ ਹਨ। ਅਸੀਂ ਕਰਜ਼ਾ ਉਤਾਰਨ ਲਈ ਪੰਜ ਕਿਸ਼ਤਾਂ ਨਿਰਧਾਰਿਤ ਕੀਤੀਆਂ ਹਨ ਤੇ ਪਹਿਲੀ ਕਿਸ਼ਤ 1804 ਕਰੋੜ ਰੁਪਏ ਦੀ ਮੋੜ ਚੁੱਕੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਦਿਨ ‘ਚ ਕਰੀਬ 150 ਫਾਈਲਾਂ ‘ਤੇ ਦਸਤਖ਼ਤ ਕਰਦਾ ਹਾਂ ਕਿਉਂਕਿ ਪੰਜਾਬ ਨੂੰ ਨੰਬਰ ਇਕ ਸੂਬਾ ਬਣਾਉਣ ਦਾ ਸੁਫ਼ਨਾ ਮੈਨੂੰ ਸੌਣ ਨਹੀਂ ਦਿੰਦਾ।