ਗੈਂਗਸਟਰ ਲੰਡਾ ਹਰੀਕੇ ਦਾ ਵੱਡਾ ਕਾਰਨਾਮਾ, ਵਿਦੇਸ਼ ਬੈਠੇ ਨੇ ਪੰਜਾਬ ’ਚ ਕਰਵਾਈ ਵੱਡੀ ਵਾਰਦਾਤ


ਫ਼ਿਰੋਜ਼ਪੁਰ- ਫ਼ਿਰੋਜ਼ਪੁਰ ਦੇ ਕਸਬਾ ਜ਼ੀਰਾ ਦੀ ਮਾਛੀਆਂ ਬਸਤੀ ਵਿਖੇ ਕਰਿਆਨੇ ਦੀ ਦੁਕਾਨ ਕਰਦੇ ਸ੍ਰੀ ਵੇਦ ਪ੍ਰਕਾਸ਼ ਛਾਬੜਾ ਪੁੱਤਰ ਰਾਜ ਕੁਮਾਰ ’ਤੇ 2 ਨਕਾਬਪੋਸ਼ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਬੀਤੀ ਦੇਰ ਰਾਤ ਗੋਲ਼ੀਆਂ ਚਲਾ ਦਿੱਤੀਆਂ। ਇਸ ਫਾਇਰਿੰਗ ’ਚ ਦੁਕਾਨਦਾਰ ਵਾਲ-ਵਾਲ ਬਚ ਗਿਆ, ਜਦਕਿ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨਦਾਰ ਰਾਜਕੁਮਾਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 18 ਸਤੰਬਰ 2023 ਨੂੰ ਉਸ ਦੇ ਮੋਬਾਇਲ ਫੋਨ ’ਤੇ ਇਕ ਵਿਦੇਸ਼ੀ ਨੰਬਰ ਤੋਂ ਮਿਸਡ ਕਾਲ ਆਈ, ਜਿਸ ਤੋਂ ਬਾਅਦ ਫੋਨ ਕਰਨ ਵਾਲੇ ਵਿਅਕਤੀ ਨੇ ਉਸ ਦੇ ਫੋਨ ’ਤੇ ਦੁਬਾਰਾ ਕਾਲ ਕੀਤੀ ਤੇ ਉਸ ਨੂੰ ਕਿਹਾ ਕਿ ਉਹ ‘ਲੰਡਾ ਹਰੀਕੇ’ ਬੋਲ ਰਿਹਾ ਹੈ।
ਸ਼ਿਕਾਇਤਕਰਤਾ ਅਨੁਸਾਰ ਇਸ ਵਿਅਕਤੀ ਨੇ ਫਿਰ ਸ਼ਿਕਾਇਤਕਰਤਾ ਦੇ ਲੜਕੇ ਅੰਕਿਤ ਦੇ ਮੋਬਾਇਲ ਫ਼ੋਨ ਨੰਬਰ ’ਤੇ ਫ਼ੋਨ ਕੀਤਾ ਅਤੇ ਉਸ ਨੂੰ ਕਿਹਾ ਕਿ ਆਪਣੇ ਪਿਤਾ ਨੂੰ ਦੱਸ ਕੇ ਮੈਂ ਕੌਣ ਹਾਂ। ਇਸ ਤੋਂ ਬਾਅਦ ਉਸ ਨੇ ਇਕ ਮੈਸੇਜ ਲਿਖ ਕੇ 15 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਅਤੇ ਉਸ ਤੋਂ ਬਾਅਦ ਉਕਤ ਵਿਅਕਤੀ ਨੇ ਸ਼ਿਕਾਇਤਕਰਤਾ ਦੇ ਭਤੀਜੇ ਅੰਸ਼ ਛਾਬੜਾ ਦੀ ਫੋਟੋ ਉਸ ਦੇ ਮੋਬਾਇਲ ’ਤੇ ਭੇਜੀ।

ਰਾਜਕੁਮਾਰ ਨੇ ਪੁਲਸ ਨੂੰ ਦੱਸਿਆ ਕਿ 21 ਸਤੰਬਰ ਦੀ ਰਾਤ ਕਰੀਬ 9 ਵਜੇ ਜਦੋਂ ਉਹ ਆਪਣੀ ਕਰਿਆਨੇ ਦੀ ਦੁਕਾਨ ’ਤੇ ਬੈਠਾ ਸੀ ਤਾਂ ਮੋਟਰਸਾਈਕਲ ’ਤੇ ਦੋ ਨਕਾਬਪੋਸ਼ ਹਮਲਾਵਰ ਆਏ, ਜਿਨ੍ਹਾਂ ਨੇ ਆਉਂਦੇ ਹੀ ਉਸ ’ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਨੇ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ ਜ਼ੀਰਾ ਸਰਦਾਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਗਈ ਅਤੇ ਪੁਲਸ ਵਲੋਂ ਲਗਾਏ ਗਏ ਸੀ. ਸੀ. ਟੀ. ਵੀ ਕੈਮਰਿਆਂ ਵਿਚੋਂ ਫੁਟੇਜ ਕਢਵਾ ਕੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀ. ਐੱਸ. ਪੀ ਗੁਰਦੀਪ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੁਲਸ ਇਨ੍ਹਾਂ ਹਮਲਾਵਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਵੇਗੀ।

Leave a Reply

Your email address will not be published. Required fields are marked *