ਗੁਰਦਾਸਪੁਰ – ਸੋਸ਼ਲ ਮੀਡਿਆ ‘ਤੇ ਠੱਗੀ ਮਾਰਨ ਦੇ ਕਈ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਨਾ ਤਾਂ ਠੱਗ ਰੁਕ ਰਹੇ ਹਨ ਹਨ ਅਤੇ ਨਾ ਹੀ ਲੋਕ ਸੁਚੇਤ ਹੋ ਰਹੇ ਹਨ। ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਤੋਂ ਮੁੜ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਨੂੰ ਸੋਸ਼ਲ ਮੀਡੀਆ ਰਾਹੀਂ ਮਿਲੀ ਇਕ ਲੜਕੀ ਨੇ ਵਿਆਹ ਕਰਵਾ ਕੇ ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ 5 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪਿੰਡ ਪੱਖੋਕੇ ਟਾਹਲੀ ਸਾਹਿਬ ਦੇ ਵਸਨੀਕ ਰਾਜਾ ਮਸ਼ੀਰ ਤੇ ਉਸ ਦੇ ਪਰਵਿਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਰਾਜਾ ਦੁਬਈ ਵਿਖੇ ਕੰਮ ਕਰ ਕੇ ਆਇਆ ਹੈ ਅਤੇ ਜੁਲਾਈ 2023 ਨੂੰ ਫੇਸਬੁੱਕ ‘ਤੇ ਇਕ ਲੜਕੀ ਨੇ ਉਸ ਨੂੰ ਮੈਸੇਜ ਕੀਤਾ ਕਿ ਮੈਂ ਲੰਬੇ ਸਮੇਂ ਤੋਂ ਲੰਦਨ ‘ਚ ਰਹਿੰਦੀ ਹਾਂ ਅਤੇ ਤੁਹਾਡੇ ਨਾਲ ਦੋਸਤੀ ਕਰਨਾ ਚਾਹੁੰਦੀ ਹਾਂ। ਰਾਜਾ ਨੇ ਦੱਸਿਆ ਕਿ ਉਸ ਨੇ ਵੀ ਦੋਸਤੀ ਲਈ ਹਾਮੀ ਭਰ ਦਿੱਤੀ ਅਤੇ ਕਈ ਦਿਨ ਤੱਕ ਚੈਟਿੰਗ ਕਰਦੇ ਰਹੇ।
ਇਕ ਦਿਨ ਉਕਤ ਲੜਕੀ ਨੇ ਫ਼ੋਨ ਕਰਕੇ ਕਿਹਾ ਕਿ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਅਤੇ ਉਹ ਉਸ ਨੂੰ ਜਲਦੀ ਹੀ ਲੰਡਨ ਬੁਲਾ ਲਵੇਗੀ। ਲੜਕੀ ਨੇ ਕਾਗਜ਼ੀ ਕਾਰਵਾਈ ਲਈ ਵਟਸਐਪ ‘ਤੇ ਸਾਰੇ ਦਸਤਾਵੇਜ਼ ਵੀ ਮੰਗਵਾ ਲਾਏ ਅਤੇ ਕੁਝ ਦਿਨ ਬਾਅਦ ਉਕਤ ਲੜਕੀ ਨੇ ਫ਼ੋਨ ਰਾਹੀਂ ਦੱਸਿਆ ਕਿ ਉਹ ਅਕਤੂਬਰ ਮਹੀਨੇ ਭਾਰਤ ਆ ਰਹੀ ਹੈ। ਕੁਝ ਦਿਨ ਉਸ ਨਾਲ ਘੁੰਮਣ ਤੋਂ ਬਾਅਦ ਉਹ ਵਿਆਹ ਕਰਵਾ ਕੇ ਉਸ ਨੂੰ ਵਿਦੇਸ਼ ਲੈ ਜਾਵੇਗੀ ਅਤੇ ਕੁਝ ਦਿਨ ਪਹਿਲਾਂ ਅਚਾਨਕ ਉਸ ਨੂੰ ਫ਼ੋਨ ਆਇਆ ਕਿ ਉਸ ਦੀ ਇਕ ਦੋਸਤ ਅੰਮ੍ਰਿਤਸਰ ਆ ਰਹੀ ਹੈ ਅਤੇ ਉਸ ਨੂੰ ਮਿਲਕੇ 5 ਲੱਖ ਰੁਪਏ ਅੰਬੈਸੀ ਖ਼ਰਚ ਦੇ ਦੇਵੇ ਤਾਂ ਜੋ ਜਲਦੀ ਵੀਜ਼ਾ ਲੱਗ ਸਕੇ।
ਰਾਜਾ ਨੇ ਦੱਸਿਆ ਕਿ ਅਗਲੇ ਦਿਨ ਜਦੋਂ ਉਹ ਦੱਸੀ ਜਗ੍ਹਾ ‘ਤੇ ਰਣਜੀਤ ਐਵੀਨਿਊ ਪਾਰਕ ‘ਚ ਪਹੁੰਚਿਆ ਤਾਂ ਉੱਥੇ ਇਕ ਲੜਕੀ ਅਤੇ ਉਸ ਨਾਲ ਉਸ ਦੇ 2 ਸਾਥੀ ਇਕ ਕਾਰ ‘ਚ ਸਵਾਰ ਸਨ ਅਤੇ ਉਸ ਨੇ ਗੱਲਬਾਤ ਤੋਂ ਬਾਅਦ ਉਨ੍ਹਾਂ ਨੂੰ ਪੈਸੇ ਅਤੇ ਲੜਕੀ ਵੱਲੋਂ ਦੱਸੇ ਦਸਤਾਵੇਜ਼ ਦੇ ਦਿੱਤੇ। ਉਸ ਤੋਂ ਬਾਅਦ ਉਕਤ ਲੜਕੀ ਦੇ ਮੋਬਾਇਲ ਨੰਬਰ ਬੰਦ ਹੋ ਗਏ ਜਿਸ ਕਾਰਨ ਉਸ ਨੂੰ ਅਹਿਸਾਸ ਹੋ ਗਿਆ ਕਿ ਉਸ ਨਾਲ ਵੱਡੀ ਠੱਗੀ ਹੋਈ ਹੈ। ਉਸ ਨੇ ਪੁਲਸ ਕੋਲੋਂ ਮੰਗ ਕੀਤੀ ਕਿ ਉਕਤ ਠੱਗ ਲੜਕੀ ਅਤੇ ਉਸ ਦੇ ਸਾਥੀਆਂ ਦਾ ਪਤਾ ਲਗਾ ਕੇ ਕਾਰਵਾਈ ਕੀਤੀ ਜਾਵੇ।