ਫਿਲੌਰ – ਨੇੜਲੇ ਪਿੰਡ ਭਾਰਸਿੰਘਪੁਰਾ ਦਾ ਰਹਿਣ ਵਾਲਾ ਖਾਲਿਸਤਾਨੀ ਹਮਾਇਤੀ ਹਰਦੀਪ ਸਿੰਘ ਨਿੱਝਰ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਚ ਤਲਖੀ ਵਧਦੀ ਜਾ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਨਿੱਝਰ ਦੇ ਕਤਲ ’ਚ ਭਾਰਤ ਦੇ ਏਜੰਟ ਦਾ ਹੱਥ ਹੈ। ਭਾਰਤ ਸਰਕਾਰ ਨੇ ਵੀ ਅੱਜ ਵੱਡੀ ਕਾਰਵਾਈ ਕਰਦੇ ਹੋਏ ਕੈਨੇਡਾ ਦੇ ਸੀਨੀਅਰ ਰਾਜਦੂਤ ਨੂੰ 5 ਦਿਨ ਦੇ ਅੰਦਰ ਦੇਸ਼ ਛੱਡਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਫਿਲੌਰ ਦੇ ਨੇੜਲੇ ਪਿੰਡ ਭਾਰਸਿੰਘਪੁਰਾ ਦੇ ਰਹਿਣ ਵਾਲੇ ਖਾਲਿਸਤਾਨੀ ਹਮਾਇਤੀ ਹਰਦੀਪ ਸਿੰਘ ਨਿੱਝਰ ਦਾ ਇਸੇ ਸਾਲ 18 ਜੂਨ ਨੂੰ ਬ੍ਰਿਟੇਨ ਵਿਚ ਇਕ ਗੁਰਦੁਆਰੇ ਦੇ ਸਾਹਮਣੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਨਿੱਝਰ ਲੰਬੇ ਸਮੇਂ ਤੋਂ ਆਪਣੇ ਪਿੰਡ ਵਿਚ ਸਥਿਤ ਘਰ ਨੂੰ ਜਿੰਦਾ ਲਗਾ ਕੇ ਪੂਰੇ ਪਰਿਵਾਰ ਸਮੇਤ ਵਿਦੇਸ਼ ਚਲਾ ਗਿਆ ਸੀ। ਵਿਦੇਸ਼ ਵਿਚ ਰਹਿ ਕੇ ਨਿੱਝਰ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ। ਉਸ ਦੀ ਇੱਥੇ ਜੋ ਖੇਤੀਯੋਗ ਜ਼ਮੀਨ ਸੀ, ਉਸ ਨੂੰ ਸਰਕਾਰ ਨੇ ਕੁਰਕ ਕਰ ਕੇ ਪਹਿਲਾਂ ਹੀ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਉਸ ਤੋਂ ਬਾਅਦ ਉਹ ਕਦੇ ਪਰਤਿਆ ਹੀ ਨਹੀਂ। ਇੱਥੇ ਜੋ ਉਸ ਦੀ ਜ਼ਮੀਨ ਸੀ, ਉਸ ਦੀ ਨਿਗਰਾਨੀ ਪਹਿਲਾਂ ਉਨ੍ਹਾਂ ਦਾ ਇਕ ਬਜ਼ੁਰਗ ਰਿਸ਼ਤੇਦਾਰ ਜਿਸ ਨੂੰ ਉਹ ਆਪਣਾ ਚਾਚਾ ਕਹਿੰਦੇ ਸਨ, ਕਰਦਾ ਸੀ, ਉਹ ਜ਼ਮੀਨ ਵੀ ਹੁਣ ਸਰਕਾਰ ਨੇ ਆਪਣੇ ਕਬਜ਼ੇ ਵਿਚ ਲੈ ਲਈ ਹੈ।