ਪਟਿਆਲਾ – ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਏਜੰਟ ਨੂੰ ਭਾਰਤੀ ਫ਼ੌਜ ਦੀ ਸੂਚਨਾ ਮੁਹੱਈਆ ਕਰਵਾਉਣ ਦੇ ਮਾਮਲੇ ’ਚ ਪਟਿਆਲਾ ਪੁਲਸ ਨੇ ਭਾਰਤੀ ਫ਼ੌਜ ਦੇ ਜਵਾਨ ਮਨਪ੍ਰੀਤ ਸ਼ਰਮਾ (26) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫ਼ੌਜੀ ਨੂੰ ਅਦਾਲਤ ’ਚ ਪੇਸ਼ ਕਰਕੇ 5 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਦਕਿ ਪਹਿਲਾਂ ਵੀ ਪੁਲਸ ਰਿਮਾਂਡ ਚੱਲ ਰਿਹਾ ਹੈ। ਅਮਰੀਕ ਸਿੰਘ ਦੇ ਪੁਲਸ ਰਿਮਾਂਡ ’ਚ 5 ਦਿਨ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ।
GET QUOTE
ਮਿਲੀ ਜਾਣਕਾਰੀ ਮੁਤਾਬਕ ਮਨਪ੍ਰੀਤ ਸ਼ਰਮਾ ਜੋਕਿ ਅਮਰੀਕ ਸਿੰਘ ਦੇ ਨਾਲ ਸਾਲ-2021 ਤੋਂ ਸੰਪਰਕ ’ਚ ਆਇਆ ਹੋਇਆ ਹੈ। ਉਦੋਂ ਤੋਂ ਹੀ ਮਨਪ੍ਰੀਤ ਸ਼ਰਮਾ ਚੰਡੀ ਮੰਦਰ (ਪੰਚਕੂਲਾ) ਵਿਖੇ ਪੋਸਟਡ ਸੀ, ਜੋ ਇਨ੍ਹਾਂ ਦੋਵਾਂ ਦੀਆਂ ਮੀਟਿੰਗਾਂ ਸੈਕਟਰ-22 ਚੰਡੀਗੜ੍ਹ ’ਚ ਹੀ ਹੁੰਦੀਆਂ ਸਨ। ਇਸ ਤੋਂ ਇਲਾਵਾ ਮਨਪ੍ਰੀਤ ਸ਼ਰਮਾ ਪਠਾਨਕੋਟ ’ਚ ਵੀ ਪੋਸਟਡ ਰਿਹਾ ਹੈ। ਮਨਪ੍ਰੀਤ ਸ਼ਰਮਾ ਤੋਂ ਸੀ. ਆਈ. ਏ. ਸਟਾਫ਼ ਪਟਿਆਲਾ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਮਨਪ੍ਰੀਤ ਨੇ 4-5 ਵਾਰ ਮਿਲਟਰੀ ਦਾ ਅਹਿਮ ਡਾਟਾ ਅਮਰੀਕ ਸਿੰਘ ਨੂੰ ਦਿੱਤਾ ਹੈ।
ਦੱਸਣਯੋਗ ਹੈ ਕਿ ਅਮਰੀਕ ਸਿੰਘ ਕਰੀਬ 20 ਸਾਲਾਂ ਤੋਂ ਸਮੱਗਲਿੰਗ ’ਚ ਲੱਗਾ ਹੋਇਆ ਹੈ, ਜਿਸ ਦੇ ਖ਼ਿਲਾਫ਼ ਵੱਖ-ਵੱਖ ਹੁਣ ਤੱਕ ਲਗਭਗ 17 ਕੇਸ ਦਰਜ ਹਨ। ਅਮਰੀਕ ਸਿੰਘ ਦਾ ਭਰਾ ਅਵਤਾਰ ਸਿੰਘ ਤਾਰੀ ਵੀ ਜਗਦੀਸ਼ ਭੋਲਾ (ਡਰੱਗ) ਕੇਸ ’ਚ ਸ਼ਾਮਲ ਰਿਹਾ ਹੈ ਅਤੇ ਉਹ ਇਸ ਸਮੇਂ ਜੇਲ੍ਹ ’ਚ ਬੰਦ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਅਮਰੀਕ ਸਿੰਘ ਦੇ ਕਈ ਗੈਂਗਸਟਰਾਂ (ਹਰਵਿੰਦਰ ਸਿੰਘ ਰਿੰਦਾ) ਦੇ ਨਾਲ ਵੀ ਨੇੜਤਾ ਰਹੀ ਹੈ। ਦੱਸਣਯੋਗ ਹੈ ਕਿ ਅਮਰੀਕ ਸਿੰਘ ਨੂੰ ਪਟਿਆਲਾ ਪੁਲਸ ਨੇ 8 ਕਿਲੋਗ੍ਰਾਮ ਹੈਰੋਇਨ ਦੀ ਬਰਾਮਦਗੀ ’ਚ ਨਾਮਜ਼ਦ ਕੀਤਾ ਸੀ।
ਇਸ ਦੌਰਾਨ ਜਦੋਂ ਉਸ ਤੋਂ ਪੁੱਛਗਿੱਛ ਹੋਈ ਤਾਂ ਉਸ ਕੋਲੋਂ 5 ਮੋਬਾਇਲ ਬਰਾਮਦ ਹੋਏ ਸਨ ਅਤੇ ਇਨ੍ਹਾਂ ਮੋਬਾਇਲਾਂ ਦੀ ਜਦੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਅਮਰੀਕ ਸਿੰਘ ਦੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਨਾਲ ਸਬੰਧ ਸਾਹਮਣੇ ਆਏ ਅਤੇ ਜਿਸ ’ਚ ਇਹ ਵੀ ਸਾਹਮਣੇ ਆਏ ਕਿ ਅਮਰੀਕ ਸਿੰਘ ਨੇ ਆਈ. ਐੱਸ. ਆਈ. ਏਜੰਟ ਨੂੰ ਭਾਰਤੀ ਫ਼ੌਜ ਦੀ ਖ਼ੁਫ਼ੀਆ ਸੂਚਨਾ ਮੁਹੱਈਆ ਕਰਵਾਈ ਸੀ। ਇਸ ਤੋਂ ਬਾਅਦ ਜਦੋਂ ਪੁਲਸ ਨੇ ਇਸ ਦੀ ਹੋਰ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਤਾਂ ਇਸ ’ਚ ਭਾਰਤੀ ਫ਼ੌਜ ਦੇ ਜਵਾਨ ਮਨਪ੍ਰੀਤ ਦੀ ਭੂਮਿਕਾ ਵੀ ਸਾਹਮਣੇ ਆ ਰਹੀ ਹੈ।