ਜੰਮੂ/ਨਵੀਂ ਦਿੱਲੀ – ਨੈਸ਼ਨਲ ਕਾਨਫਰੰਸ ਦੇ ਉਪ-ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਦਿੱਲੀ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਕੋਰਟ ਨੇ ਉਮਰ ਅਬਦੁੱਲਾ ਨੂੰ ਪਤਨੀ ਪਾਇਲ ਅਬਦੁੱਲਾ ਨੂੰ ਵੱਧ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦਿੱਤਾ ਹੈ। ਹੁਣ ਉਮਰ ਦੀ ਪਤਨੀ ਪਾਇਲ ਨੂੰ ਹਰ ਮਹੀਨੇ 75,000 ਦੀ ਬਜਾਏ 1.5 ਲੱਖ ਰੁਪਏ ਦਾ ਗੁਜ਼ਾਰਾ ਭੱਤਾ ਮਿਲੇਗਾ। ਪਾਇਲ ਨੇ ਗੁਜ਼ਾਰਾ ਭੱਤਾ ਵਧਾਉਣ ਲਈ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਸੀ। ਸਾਲ 2018 ’ਚ ਟ੍ਰਾਇਲ ਕੋਰਟ ਵੱਲੋਂ ਪਾਇਲ ਨੂੰ ਹਰ ਮਹੀਨੇ 75000 ਰੁਪਏ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਲਈ 18 ਸਾਲ ਦੀ ਉਮਰ ਤੱਕ 2500a0 ਰੁਪਏ ਦੇ ਗੁਜ਼ਾਰੇ ਭੱਤੇ ਨੂੰ ਮਨਜ਼ੂਰੀ ਦਿੱਤੀ ਸੀ। ਹਾਲਾਂਕਿ ਇਸ ਸਾਲ ਪਾਇਲ ਨੇ ਗੁਜ਼ਾਰਾ ਭੱਤੇ ’ਚ ਵਾਧੇ ਨੂੰ ਲੈ ਕੇ ਦਿੱਲੀ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਸੀ।
ਪਾਇਲ ਨੇ ਕਿਹਾ ਸੀ ਕਿ ਦਿੱਤਾ ਗਿਆ ਗੁਜ਼ਾਰਾ ਭੱਤਾ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਕਾਫੀ ਨਹੀਂ ਹੈ। ਹੁਣ ਕੋਰਟ ਨੇ ਉਨ੍ਹਾਂ ਦੀ ਮੰਗ ਮੰਨ ਲਈ ਹੈ। ਕੋਰਟ ਨੇ ਕਿਹਾ ਕਿ ਹਾਲਾਂਕਿ ਪਿਤਾ ਆਪਣੇ ਬੱਚਿਆਂ ਦੀ ਕਾਲਜ ਸਿੱਖਿਆ ਲਈ ਕਾਨੂੰਨੀ ਰੂਪ ’ਚ ਜ਼ਿੰਮੇਵਾਰ ਨਹੀਂ ਹੈ, ਕਿਉਂਕਿ ਉਹ ਬਾਲਿਗ ਹੋ ਗਏ ਹਨ ਪਰ ਅਬਦੁੱਲਾ ਆਪਣੇ ਬੇਟੇ ਦੀ ਸਿੱਖਿਆ ਲਈ 60,000 ਰੁਪਏ ਦਾ ਭੁਗਤਾਨ ਕਰਨਗੇ। ਉਮਰ ਅਬਦੁੱਲਾ ਅਤੇ ਪਾਇਲ ਨੇ ਸਾਲ 1994 ’ਚ ਵਿਆਹ ਕੀਤਾ ਸੀ ਤੇ ਉਨ੍ਹਾਂ ਦੇ 2 ਬੱਚੇ ਹਨ। ਸਾਲ 2009 ਤੋਂ ਹੀ ਦੋਵੇਂ ਪਤੀ-ਪਤਨੀ ਵੱਖ ਰਹਿ ਰਹੇ ਹਨ।