ਏਅਰਪੋਰਟ ਜਾਣ ਵਾਲੇ ਲੋਕਾਂ ਲਈ ਵੱਡੀ ਖ਼ਬਰ: 3 ਦਿਨ ਬੰਦ ਰਹੇਗੀ ਦਿੱਲੀ, ਜਾਣੋ ਕੀ ਹੈ ਕਾਰਨ


ਨਵੀਂ ਦਿੱਲੀ – ਅਗਲੇ ਮਹੀਨੇ ਯਾਨੀ 8, 9 ਅਤੇ 10 ਸਤੰਬਰ, 2023 ਨੂੰ ਤਿੰਨ ਦਿਨ ਦੇ ਲਈ ਦਿੱਲੀ ਬੰਦ ਰਹੇਗੀ। ਰਾਜਧਾਨੀ ਵਿੱਚ 8 ਤੋਂ 10 ਸਤੰਬਰ ਨੂੰ ਜੀ-20 ਸੰਮੇਲਨ ਹੋਣ ਜਾ ਰਿਹਾ ਹੈ, ਜਿਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਸਮੇਤ ਦੁਨੀਆ ਦੇ ਕਈ ਦਿੱਗਜ ਆਗੂ ਦਿੱਲੀ ‘ਚ ਇਕੱਠੇ ਹੋਣਗੇ। ਇਸੇ ਸਬੰਧ ਵਿੱਚ ਦਿੱਲੀ ਦੇ ਸਾਰੇ ਸਕੂਲ, ਦਫ਼ਤਰ ਅਤੇ ਬਾਜ਼ਾਰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇੰਨਾ ਹੀ ਨਹੀਂ ਦਿੱਲੀ ਦੀਆਂ ਸੜਕਾਂ ਵੀ ਖਾਲੀ ਅਤੇ ਸੁੰਨਸਾਨ ਨਜ਼ਰ ਆਉਣਗੀਆਂ।
ਸੂਤਰਾਂ ਅਨੁਸਾਰ ਪਾਬੰਦੀ ਦਾ ਇਹ ਹੁਕਮ 7 ਸਤੰਬਰ ਦੀ ਅੱਧੀ ਰਾਤ ਤੋਂ 10 ਸਤੰਬਰ ਦੀ ਅੱਧੀ ਰਾਤ ਤੱਕ ਲਾਗੂ ਰਹੇਗਾ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਟ੍ਰੈਫਿਕ ਪੁਲਸ ਦੇ ਵਿਸ਼ੇਸ਼ ਕਮਿਸ਼ਨਰ ਐੱਸ. ਐੱਸ. ਯਾਦਵ ਨੇ ਕਿਹਾ ਕਿ ਦਿੱਲੀ ਪੁਲਸ ਦੀ ਵੈਬਸਾਈਟ ’ਤੇ ਇੱਕ ਵਰਚੁਅਲ ਹੈਲਪ ਡੈਸਕ ਲਾਂਚ ਕੀਤਾ ਜਾਵੇਗਾ, ਜਿਸ ਵਿੱਚ ਉਪਲਬਧ ਆਵਾਜਾਈ ਅਤੇ ਸਿਹਤ ਸਹੂਲਤਾਂ ਦੀ ਸਾਰੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਐਂਬੂਲੈਂਸਾਂ ਜਾਂ ਜ਼ਰੂਰੀ ਸੇਵਾਵਾਂ ਦੀ ਆਵਾਜਾਈ ’ਤੇ ਕੋਈ ਅਸਰ ਨਹੀਂ ਪਵੇਗਾ। ਦਿੱਲੀ ਮੈਟਰੋ ‘ਤੇ ਵੀ ਕੋਈ ਪਾਬੰਦੀ ਨਹੀਂ ਹੋਵੇਗੀ।

ਨਵੀਂ ਦਿੱਲੀ ’ਚ ਟ੍ਰੈਫਿਕ ਪੁਲਸ ਦੇ ਡਿਪਟੀ ਕਮਿਸ਼ਨਰ ਅਲਾਪ ਪਟੇਲ ਨੇ ਕਿਹਾ ਕਿ ਲੁਟੀਅਨਜ਼ ਦਿੱਲੀ ‘ਚ ਰਹਿਣ ਵਾਲੇ ਜਾਂ ਹੋਟਲ ਬੁੱਕ ਕਰਵਾਉਣ ਵਾਲੇ ਸੈਲਾਨੀ ਆਟੋ ਦੀ ਵਰਤੋਂ ਕਰ ਸਕਦੇ ਹਨ। ਟੈਕਸੀ ਰਾਹੀਂ ਕੋਈ ਵੀ ਯਾਤਰੀ ਸਫ਼ਰ ਕਰ ਸਕਦਾ ਹੈ। ਅਧਿਕਾਰੀਆਂ ਮੁਤਾਬਕ ਰਾਜਧਾਨੀ ਦੇ ਪ੍ਰਗਤੀ ਮੈਦਾਨ ਸਥਿਤ ਅੰਤਰਰਾਸ਼ਟਰੀ ਕਨਵੈਨਸ਼ਨ ਸੈਂਟਰ ਵਿੱਚ ਹੋਣ ਵਾਲੇ ਸੰਮੇਲਨ ਦੌਰਾਨ ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 10,000 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਅਜਿਹੇ ‘ਚ ਟ੍ਰੈਫਿਕ ਪੁਲਿਸ ਨੇ ਇੱਥੇ ਆਉਣ-ਜਾਣ ਵਾਲੇ ਯਾਤਰੀਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ।

ਪੁਲਸ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਸਮੇਂ ਤੋਂ ਪਹਿਲਾਂ ਆਪਣਾ ਸਫ਼ਰ ਸ਼ੁਰੂ ਕਰ ਦੇਣ। ਉਕਤ ਦਿਨਾਂ ਵਿੱਚ ਆਪਣੇ ਨਿੱਜੀ ਵਾਹਨ ਦੀ ਵਰਤੋਂ ਨਾ ਕਰੋ ਸਗੋਂ ਮੈਟਰੋ ‘ਤੇ ਸਫ਼ਰ ਕਰ ਸਕਦੇ ਹੋ। ਦਿੱਲੀ ‘ਚ ਆਯੋਜਿਤ ਜੀ-20 ਸੰਮੇਲਨ ਕਾਰਨ ਸੁਪਰੀਮ ਕੋਰਟ ‘ਚ 8 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਬੰਧੀ ਇਕ ਨੋਟੀਫਿਕੇਸ਼ਨ ਸੁਪਰੀਮ ਕੋਰਟ ਦੀ ਵੈੱਬਸਾਈਟ ‘ਤੇ ਜਾਰੀ ਕੀਤਾ ਗਿਆ ਹੈ।

Leave a Reply

Your email address will not be published. Required fields are marked *