ਨਵੀਂ ਦਿੱਲੀ- ਦਿੱਲੀ ਦੀ ਰਾਊਜ ਐਵੇਨਿਊ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗੇ ਮਾਮਲੇ ‘ਚ ਸ਼ੁੱਕਰਵਾਰ ਨੂੰ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਨੂੰ ਸ਼ਰਤਾਂ ਮੁਤਾਬਕ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਟਾਈਟਲਰ ਨੂੰ ਮਿਲੀ ਜ਼ਮਾਨਤ ਦੇ ਵਿਰੋਧ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ (DSGMC) ਦੇ ਮੈਂਬਰਾਂ ਨੇ ਰਾਊਜ ਐਵੇਨਿਊ ਕੋਰਟ ਦੇ ਬਾਹਰ ਅੱਜ ਯਾਨੀ ਕਿ ਸ਼ਨੀਵਾਰ ਨੂੰ ਵਿਰੋਧ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਸ ‘ਤੇ ਲਿਖਿਆ ਹੈ- ‘ਜਿਸ ਨੂੰ ਹੋਣੀ ਸੀ ਜੇਲ੍ਹ, ਉਸ ਨੂੰ ਕਿਉਂ ਮਿਲੀ ਬੇਲ?’ ਅਤੇ ‘ਟਾਈਟਲਰ ਨੂੰ ਮਿਲੀ ਜ਼ਮਾਨਤ, ਸਿੱਖਾਂ ਨਾਲ ਹੋਇਆ ਅਨਿਆਂ।’ ਉਨ੍ਹਾਂ ਨੇ ਹੱਥਾਂ ‘ਚ ਕਾਲੀਆਂ ਝੰਡੀਆਂ ਵੀ ਫੜੀਆਂ ਹੋਈਆਂ ਸਨ। ਇਸ ਵਿਰੋਧ ਪ੍ਰਦਰਸ਼ਨ ਕਾਰਨ DSGMC ਦੇ ਮੈਂਬਰਾਂ ਅਤੇ ਦਿੱਲੀ ਪੁਲਸ ਵਿਚਾਲੇ ਮਾਮੂਲੀ ਝੜਪ ਹੋ ਗਈ। ਦਿੱਲੀ ਪੁਲਸ ਨੇ ਸੁਰੱਖਿਆ ਕਾਰਨਾਂ ਤੋਂ ਕੋਰਟ ਰੂਮ ਦਾ ਐਂਟਰੀ ਗੇਟ ਬੰਦ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਅਦਾਲਤ ਨੇ ਟਾਈਟਲਰ ਨੂੰ ਸ਼ਰਤਾਂ ਮੁਤਾਬਤ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਉਹ ਬਿਨਾਂ ਮਨਜ਼ੂਰੀ ਦੇਸ਼ ਨਹੀਂ ਛੱਡਣਗੇ ਅਤੇ ਨਾ ਹੀ ਸਬੂਤਾਂ ਨਾਲ ਕੋਈ ਛੇੜਛਾੜ ਕਰਨਗੇ। ਸੀ. ਬੀ. ਆਈ. ਵਲੋਂ 20 ਮਈ ਨੂੰ ਜਾਰੀ ਕੀਤੀ ਗਈ ਚਾਰਜਸ਼ੀਟ ‘ਚ ਕਿਹਾ ਗਿਆ ਕਿ ਟਾਈਟਲਰ ਨੂੰ 1 ਨਵੰਬਰ 1984 ਨੂੰ ਪੁਲ ਬੰਗਸ਼ ਗੁਰਦੁਆਰਾ ਸਾਹਿਬ ‘ਚ ਇਕੱਠੀ ਹੋਈ ਭੀੜ ਨੂੰ ਉਕਸਾਇਆ ਸੀ, ਜਿਸ ਵਜ੍ਹਾ ਕਰ ਕੇ ਗੁਰਦੁਆਰੇ ਨੂੰ ਅੱਗ ਲਾ ਦਿੱਤੀ ਗਈ ਸੀ। ਇਸ ਦੌਰਾਨ ਤਿੰਨ ਸਿੱਖਾਂ- ਠਾਕੁਰ ਸਿੰਘ, ਬਾਦਲ ਸਿੰਘ ਅਤੇ ਚਰਨ ਸਿੰਘ ਦਾ ਕਤਲ ਹੋਇਆ ਸੀ। ਟਾਈਟਲਰ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਪੀੜਤ ਔਰਤਾਂ ਨੇ ਕਿਹਾ ਸੀ ਕਿ 39 ਸਾਲ ਹੋ ਗਏ ਪਰ ਸਾਨੂੰ ਨਿਆਂ ਨਹੀਂ ਮਿਲਿਆ ਹੈ।