ਚੰਡੀਗੜ੍ਹ : ਪੰਜਾਬ ‘ਚ ਇਕ ਵਾਰ ਫਿਰ ਮੌਸਮ ਖ਼ਰਾਬ ਹੋਵੇਗਾ ਅਤੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਨੇ ਪੰਜਾਬ ‘ਚ ਵੀਰਵਾਰ ਤੋਂ 3 ਦਿਨਾਂ ਲਈ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ‘ਚ ਤੇਜ਼ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਮੀਂਹ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ।
ਇਸ ਦੌਰਾਨ ਤਾਪਮਾਨ ‘ਚ 2 ਤੋਂ 3 ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਪੰਜਾਬ ‘ਚ ਭਾਵੇਂ ਹੀ ਜੁਲਾਈ ਮਹੀਨੇ ‘ਚ ਰਿਕਾਰਡ ਤੋੜ ਮੀਂਹ ਪਿਆ ਹੈ ਪਰ ਅਗਸਤ ਮਹੀਨੇ ਦੀ ਸ਼ੁਰੂਆਤ ‘ਚ ਕਾਫੀ ਘੱਟ ਮੀਂਹ ਪਿਆ ਹੈ।
ਮੌਸਮ ਵਿਭਾਗ ਦੇ ਮੁਤਾਬਕ ਹੁਣ ਮਾਨਸੂਨ ਸੀਜ਼ਨ ਦੇ ਅਗਸਤ ਅਤੇ ਸਤੰਬਰ ਮਹੀਨੇ ‘ਚ ਜ਼ਿਆਦਾ ਮੀਂਹ ਨਹੀਂ ਪਵੇਗਾ, ਹਾਲਾਂਕਿ ਆਮ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਸਤ ਦੇ ਪਹਿਲੇ ਹਫ਼ਤੇ ਚੰਗਾ ਮੀਂਹ ਪਵੇਗਾ, ਜਿਸ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ ਅੱਗੇ ਪੂਰਾ ਮਹੀਨੇ ਆਮ ਨਾਲੋਂ ਥੋੜ੍ਹਾ ਘੱਟ ਮੀਂਹ ਪੈਣ ਦੇ ਆਸਾਰ ਹਨ।