ਫਿਲੌਰ- ਪੰਜਾਬ ਪੁਲਸ ਅਕੈਡਮੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। 10 ਜੁਲਾਈ ਨੂੰ ਆਏ ਹੜ੍ਹ ਦੇ ਪਾਣੀ ’ਚ 200 ਤੋਂ ਵੱਧ ਗੱਡੀਆਂ ਦੇ ਡੁੱਬ ਜਾਣ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਥਾਣੇਦਾਰ ਦਾ ਬੈਚ ਪਾਸ ਕਰਕੇ ਗਏ ਟ੍ਰੇਨੀਆਂ ਨੇ ਅਕੈਡਮੀ ਨੂੰ ਕਾਨੂੰਨੀ ਨੋਟਿਸ ਭਿਜਵਾਏ ਹਨ। ਜਾਣਕਾਰੀ ਮੁਤਾਬਕ ਪੰਜਾਬ ਪੁਲਸ ਅਕੈਡਮੀ ਫਿਲੌਰ ’ਚ ਹੌਲਦਾਰ ਤੋਂ ਤਰੱਕੀ ਪਾ ਕੇ ਥਾਣੇਦਾਰ ਬਣਨ ’ਤੇ ਲਗਭਗ 700 ਦੇ ਕਰੀਬ ਪੁਲਸ ਮੁਲਾਜ਼ਮ ਇਥੇ ਇੰਟਰਮੀਡੀਅਟ ਕੋਰਸ ਕਰਨ ਲਈ ਆਏ ਸਨ, ਜਿਨ੍ਹਾਂ ਦਾ ਕੋਰਸ 7 ਜੁਲਾਈ ਨੂੰ ਪੂਰਾ ਹੋ ਗਿਆ ਸੀ ਅਤੇ ਉਹ ਆਪਣੇ ਜ਼ਿਲ੍ਹਿਆਂ ਨੂੰ ਵਾਪਸ ਮੁੜ ਗਏ ਸਨ।
ਉਸ ਤੋਂ 3 ਦਿਨ ਬਾਅਦ ਸਾਰੇ ਪੁਲਸ ਮੁਲਾਜ਼ਮਾਂ ਨੂੰ ਸੁਨੇਹਾ ਮਿਲਿਆ ਕਿ ਉਹ ਸਾਰੇ ਪੁਲਸ ਮੁਲਾਜ਼ਮ ਅਕੈਡਮੀ ’ਚ ਆਉਣ, ਜਿਨ੍ਹਾਂ ਨੂੰ 10 ਜੁਲਾਈ ਨੂੰ ਮੈਡਮ ਅਨੀਤਾ ਪੁੰਜ ਸਵੇਰੇ ਭਾਸ਼ਣ ਦੇ ਕੇ ਰਵਾਨਾ ਕਰੇਗੀ, ਜਿਸ ’ਤੇ ਸਾਰੇ ਪੁਲਸ ਮੁਲਾਜ਼ਮ ਜੋ ਥਾਣੇਦਾਰ ਬਣ ਚੁੱਕੇ ਸਨ, ਦੂਜੇ ਜ਼ਿਲ੍ਹਿਆਂ ਤੋਂ ਕੁਝ ਰਾਤ ਨੂੰ ਅਕੈਡਮੀ ਪੁੱਜ ਗਏ ਅਤੇ ਕੁਝ ਸਵੇਰ 4 ਵਜੇ ਆਪਣੀਆਂ ਨਿੱਜੀ ਕਾਰਾਂ ’ਚ ਇਥੇ ਆ ਗਏ।
ਸਾਰੇ ਮੁਲਾਜ਼ਮਾਂ ਦੀਆਂ ਕਾਰਾਂ ਗੋਲਡ ਗਰਾਊਂਡ ਦੇ ਬਾਰ ਬਣੀ ਇਕ ਖਾਲੀ ਜਗ੍ਹਾ ’ਚ ਲਗਵਾ ਦਿੱਤੀਆਂ ਗਈਆਂ। ਸਾਢੇ 4 ਵਜੇ ਦੇ ਕਰੀਬ ਅਕੈਡਮੀ ਕੋਲ ਬਣੇ ਸਤਲੁਜ ਦਰਿਆ ਦਾ ਬੰਨ੍ਹ ਟੁੱਟ ਗਿਆ। ਗੋਲਡ ਗਰਾਊਂਡ ਤੋਂ ਹੁੰਦਾ ਹੋਇਆ ਹੜ੍ਹ ਦਾ ਪਾਣੀ ਪਾਰਕਿੰਗ ਦੇ ਅੰਦਰ ਦਾਖ਼ਲ ਹੋ ਗਿਆ, ਜਿਸ ਵਿਚ 500 ਪੁਲਸ ਮੁਲਾਜ਼ਮਾਂ ਦੀਆਂ ਕਾਰਾਂ ਉਸ ’ਚ ਡੁੱਬ ਗਈਆਂ। 200 ਤੋਂ ਵੱਧ ਕਾਰਾਂ ਤਾਂ ਪੁਲਸ ਜਵਾਨਾਂ ਨੇ ਖ਼ੁਦ ਹਿੰਮਤ ਕਰਕੇ ਹੜ੍ਹ ਦੇ ਪਾਣੀ ’ਚੋਂ ਬਾਹਰ ਕੱਢ ਲਈਆਂ, ਜਦੋਂਕਿ ਹੜ੍ਹ ਦਾ ਪਾਣੀ ਜ਼ਿਆਦਾ ਭਰ ਜਾਣ ਕਾਰਨ 200 ਤੋਂ ਵੱਧ ਕਾਰਾਂ 2 ਦਿਨ ਤੱਕ ਉੱਥੇ ਹੀ ਡੁੱਬੀਆਂ ਰਹੀਆਂ।