ਭਰਮੌਰ/ਸ਼ਿਮਲਾ – ਹਿਮਾਚਲ ਪ੍ਰਦੇਸ਼ ਵਿਚ ਬੱਦਲ ਫਟਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਉਪਮੰਡਲ ਭਰਮੌਰ ਦੀ ਚਨਹੋਤਾ ਪੰਚਾਇਤ ਦੇ ਮਛੇਤਰ ਨਾਲੇ ਵਿਚ ਇਕ ਵਾਰ ਫਿਰ ਬਦਲ ਫਟਿਆ ਹੈ। ਤਿੰਨ ਦਿਨਾਂ ਦੇ ਅੰਦਰ ਦੂਜੀ ਵਾਰ ਬੱਦਲ ਫਟਣ ਨਾਲ ਦੋ-ਮੰਜ਼ਿਲਾ ਮਕਾਨ, 2 ਘਰ, ਜੇ. ਐੱਸ. ਡਬਲਿਯੂ, ਕੰਪਨੀ ਦੀ ਇਕ ਜੇ. ਸੀ. ਬੀ., ਡੰਪਰ, ਟਰੱਕ, ਲੋਡਰ ਅਤੇ ਹੋਰ ਮਸ਼ੀਨਰੀ ਪਾਣੀ ਵਿਚ ਰੁੜ ਗਈ। ਇਸ ਘਟਨਾ ਵਿਚ ਖੜਾਮੁੱਖ-ਹੋਲੀ ਮਾਰਗ ’ਤੇ ਬਣਿਆ ਪੁਲ ਅਤੇ ਪੁਲ ਨਾਲ ਕੰਪਨੀ ਦੇ ਤਿੰਨ ਡੰਪਰ ਖੜੇ ਨਹੀਂ ਹੁੰਦੇ ਤਾਂ ਪੂਰਾ ਮਛੇਤਰ ਕਸਬਾ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿਚ ਆ ਸਕਦਾ ਸੀ। ਘਟਨਾ ਤੋਂ ਬਾਅਦ ਮਛੇਤਰ ਵਾਸੀਆਂ ਨੇ ਸੜਕ ਕਿਨਾਰੇ ਖੜੇ ਵਾਹਨਾਂ ਵਿਚ ਰਾਤ ਗੁਜਾਰੀ। ਇਸੇ ਨਾਲੇ ਵਿਚ 24 ਜੁਲਾਈ ਦੀ ਰਾਤ ਨੂੰ ਲਗਭਗ 3 ਵਜੇ ਬੱਦਲ ਫਟਿਆ ਸੀ ਜਦਕਿ ਤਿੰਨ ਦਿਨ ਬਾਅਦ ਬੁੱਧਵਾਰ ਰਾਤ ਲਗਭਗ ਉਸੇ ਸਮੇਂ ਫਿਰ ਤੋਂ ਇਸੇ ਨਾਲੇ ਵਿਚ ਬੱਦਲ ਫਟਣ ਦੀ ਘਟਨਾ ਨਾਲ ਹਰ ਕੋਈ ਹੈਰਾਨ ਹੈ।