ਲੁਧਿਆਣਾ – ਗਿਆਸਪੁਰਾ ‘ਚ ਸੂਆ ਰੋਡ ਦੇ ਜਿਸ ਪੁਆਇੰਟ ‘ਤੇ 30 ਅਪ੍ਰੈਲ ਨੂੰ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ, ਸ਼ੁੱਕਰਵਾਰ ਨੂੰ ਉਸੇ ਥਾਂ ‘ਤੇ ਇਕ ਔਰਤ ਦੇ ਬੇਹੋਸ਼ ਹੋਣ ਤੋਂ ਬਾਅਦ ਦੁਬਾਰਾ ਗੈਸ ਲੀਕ ਹੋਣ ਦੀ ਸੰਭਾਵਨਾ ਨਾਲ ਹਾਹਾਕਾਰ ਮਚ ਗਈ। ਇਸ ਦੇ ਮੱਦੇਨਜ਼ਰ ਨਗਰ ਨਿਗਮ ਅਤੇ ਪੁਲਸ ਦੀ ਟੀਮ ਸਾਈਟ ‘ਤੇ ਪਹੁੰਚੀ, ਜਿਨ੍ਹਾਂ ਵੱਲੋਂ ਮੇਨ ਰੋਡ ਦਾ ਰਾਹ ਬੰਦ ਕਰ ਦਿੱਤਾ ਗਿਆ ਹੈ ਅਤੇ ਚੈਕਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਨਗਰ ਨਿਗਮ ਵੱਲੋਂ ਗੈਸ ਲੀਕ ਹੋਣ ਦੀ ਖ਼ਬਰ ਨੂੰ ਖਾਰਜ ਕਰ ਦਿੱਤਾ ਗਿਆ ਹੈ।
ਐਕਸੀਅਨ ਰਣਬੀਰ ਸਿੰਘ ਨੇ ਦੱਸਿਆ ਕਿ ਮਲਟੀ ਗੈਸ ਡਿਟੈਕਟਰ ਮੀਟਰ ਜ਼ਰੀਏ ਕੀਤੀ ਗਈ ਚੈਕਿੰਗ ਦੌਰਾਨ ਕਿਸੇ ਤਰ੍ਹਾਂ ਦੀ ਗੈਸ ਦੀ ਮੌਜੂਦਗੀ ਸਾਹਮਣੇ ਨਹੀਂ ਆਈ ਹੈ। ਇਸ ਤੋਂ ਇਲਾਵਾ ਜੋ ਔਰਤ ਬੇਹੋਸ਼ ਹੋਈ, ਉਸ ਦੇ ਗਰਭਵਤੀ ਹੋਣ ਦੀ ਗੱਲ ਕਹੀ ਜਾ ਰਹੀ ਹੈ, ਜਿਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ ਅਤੇ ਉਸ ਦੀ ਹਾਲਤ ਬਿਲਕੁਲ ਠੀਕ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਉਸ ਦੇ ਬੇਹੋਸ਼ ਹੋਣ ਦੇ ਕਾਰਨਾਂ ਨੂੰ ਲੈ ਕੇ ਡਾਕਟਰ ਹੀ ਕੁੱਝ ਸਪੱਸ਼ਟ ਕਰ ਸਕਦੇ ਹਨ। ਦੂਜੇ ਪਾਸੇ ਐੱਨ. ਡੀ. ਆਰ. ਐੱਫ. ਦੀ ਟੀਮ ਸਾਈਟ ‘ਤੇ ਪਹੁੰਚ ਗਈ ਹੈ, ਜਿਨ੍ਹਾਂ ਨੂੰ ਚੈਕਿੰਗ ਦੌਰਾਨ ਕਿਸੇ ਤਰ੍ਹਾਂ ਦੀ ਗੈਸ ਲੀਕ ਦਾ ਮਾਮਲਾ ਨਹੀਂ ਲੱਗਾ।