ਤਰਨਤਾਰਨ, 9 ਅਗਸਤ (ਦਲਜੀਤ ਸਿੰਘ)- ਅੰਮ੍ਰਿਤਸਰ ਰੋਡ ਨੇੜੇ ਪੁਲਸ ਲਾਈਨ ਵਿਖੇ ਇਕ ਬੱਸ ਅਤੇ ਟਰੱਕ ਦਰਮਿਆਨ ਹੋਈ ਟੱਕਰ ਦੌਰਾਨ ਕਰੀਬ ਇਕ ਦਰਜਨ ਤੋਂ ਵੱਧ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਖ਼ਮੀਆਂ ਨੂੰ ਤੁਰੰਤ ਸਾਥ ਸੰਸਥਾ ਦੀ ਮਦਦ ਨਾਲ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ, ਜਦਕਿ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਇਸ ਸਬੰਧੀ ਥਾਣਾ ਸਿਟੀ ਦੀ ਪੁਲਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਨਿਊ ਦੀਪ ਬੱਸ ਸਰਵਿਸ ਦੀ ਬੱਸ ਨੰਬਰ ਪੀ. ਬੀ. 30-ਵੀ-0578 ਜੋ ਅਮ੍ਰਿਤਸਰ ਤੋਂ ਬਠਿੰਡਾ ਜਾ ਰਹੀ ਸੀ ਦੀ ਇਕ ਟਰੱਕ ਨਾਲ ਟਕਰਾ ਗਈ। ਇਸ ਦੌਰਾਨ ਇਕ ਦਰਜਨ ਵਿਅਕਤੀਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਇਸ ਘਟਨਾ ਦਾ ਪਤਾ ਲੱਗਦੇ ਹੀ ਆਪਣੇ ਘਰ ਮੌਜੂਦ ਸਿਵਲ ਸਰਜਨ ਡਾ. ਰੋਹਿਤ ਮਹਿਤਾ ਅਤੇ ਐੱਸ. ਐੱਮ. ਓ. ਡਾ. ਸਵਰਨਜੀਤ ਧਵਨ ਮੌਕੇ ’ਤੇ ਪੁੱਜੇ ਅਤੇ ਜ਼ਖ਼ਮੀਆਂ ਦਾ ਇਲਾਜ ਕਰਵਾਉਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ। ਇਸ ਮੌਕੇ ਜ਼ਖਮੀਆਂ ’ਚ ਹਰਬੰਸ ਸਿੰਘ (56) ਪੁੱਤਰ ਜੰਗੀਰ ਸਿੰਘ ਵਾਸੀ ਗੋਨਿਆਣਾ ਕਲਾਂ ਬਠਿੰਡਾ, ਦੀਪਿਕਾ (5) ਪੁਤਰੀ ਨਿਮਰਲ ਸਿੰਘ ਵਾਸੀ ਮੱਖੂ, ਵੀਰਪਾਲ ਕੌਰ (38) ਪਤਨੀ ਨਿਰਮਲ ਸਿੰਘ ਵਾਸੀ ਮੱਖੂ, ਨਜ਼ਮ (20) ਪੁੱਤਰੀ ਅਮਨਦੀਪ ਵਾਸੀ ਤਲਵੰਡੀ, ਹਰਸ਼ਿਤ ਅਗਰਵਾਲ (17) ਪੁੱਤਰ ਰਾਜੇਸ਼ ਅਗਰਵਾਲ ਵਾਸੀ ਫਿਰੋਜ਼ਪੁਰ, ਗਗਨਦੀਪ ਸਿੰਘ (19) ਪੁੱਤਰ ਬਲਵਿੰਦਰ ਸਿੰਘ ਵਾਸੀ ਫਿਰੋਜ਼ਪੁਰ, ਹਨੀ (28) ਪੁੱਤਰ ਭੁਪਿੰਦਰ ਸਿੰਘ ਵਾਸੀ ਗੋਨਿਆਣਾ ਕਲਾਂ ਬਠਿੰਡਾ, ਤਰਿੰਦਰ ਕੌਰ (65) ਪਤਨੀ ਭੁਪਿੰਦਰ ਸਿੰਘ ਵਾਸੀ ਗੋਨਿਆਣਾ ਕਲਾਂ ਬਠਿੰਡਾ, ਭੁਪਿੰਦਰ ਸਿੰਘ (67) ਪੁੱਤਰ ਨਿਰੰਜਨ ਸਿੰਘ ਵਾਸੀ ਗੋਨਿਆਣਾ ਕਲਾਂ ਬਠਿੰਡਾ ਸ਼ਾਮਲ ਹਨ।
ਇਨ੍ਹਾਂ ਜ਼ਖਮਿਆਂ ’ਚ ਬੱਸ ਦਾ ਕੰਡਕਟਰ ਗੰਬੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਰੈਫਰ ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸਾ ਵਾਪਰਨ ਤੋਂ ਤੁਰੰਤ ਬਾਅਦ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਜ਼ਖ਼ਮੀ 9 ਵਿਅਕਤੀਆਂ ਦਾ ਸਾਰਾ ਖ਼ਰਚ ਮੁਫ਼ਤ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦੇ ਸਾਰੇ ਐੱਕਸਰੇ ਅਤੇ ਦਵਾਈਆਂ ਦਾ ਖ਼ਰਚ ਹਸਪਤਾਲ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਰੀ ਟੀਮ ਨੇ ਇਸ ਹਾਦਸੇ ਦੌਰਾਨ ਜ਼ਖਮੀ ਵਿਅਕਤੀਆਂ ਦੀ ਪੂਰੀ ਮਦਦ ਕੀਤੀ ਹੈ। ਇਸ ਮੌਕੇ ਡਾ. ਸਵਰਨਜੀਤ ਧਵਨ, ਡਾ. ਸੰਦੀਪ ਕਾਲੜਾ, ਡਾ. ਭਗਤ, ਅੰਗਰੇਜ਼ ਸਿੰਘ, ਮਨਿੰਦਰ ਸਿੰਘ, ਗੁਰਦੇਵ ਸਿੰਘ ਪੀ. ਐੱਮ, ਰੁਪਿੰਦਰ ਸਿੰਘ ਅਤੇ ਸਾਥ ਦੀ ਟੀਮ ਹਾਜ਼ਰ ਸਨ।