ਲੁਧਿਆਣਾ – ਸਮਾਜ ਸੇਵੀ ਵੱਲੋਂ ਆਪਣੀ ਲਾਇਸੈਂਸ ਰਿਵਾਲਵਰ ਦੋਸਤ ਨੂੰ ਦੇ ਕੇ ਹਵਾਈ ਫਾਇਰ ਕਰਨ ਦੇ ਮਾਮਲੇ ‘ਚ ਪੁਲਸ ਨੇ ਕੁਇੱਕ ਐਕਸ਼ਨ ਲਿਆ ਹੈ। ‘ਜਗ ਬਾਣੀ’ ‘ਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਇਸ ਖ਼ਬਰ ਦੇ ਅਸਰ ਮਗਰੋਂ ਪੁਲਸ ਨੇ ਦੋਸ਼ੀ ਸਮਾਜ ਸੇਵੀ ਸ਼ੀਤਲਾ ਪ੍ਰਸਾਦ ਯਾਦਵ ਉਰਫ਼ ਸੰਜੂ ਯਾਦਵ ਦੇ ਖ਼ਿਲਾਫ ਆਰਮ ਐਕਟ ਅਤੇ ਹਵਾਈ ਫਾਇਰ ਕਰਨ ਦਾ ਕੇਸ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ ਹੈ, ਜਦੋਂ ਕਿ ਹਵਾਈ ਫਾਇਰ ਕਰਨ ਵਾਲੇ ਉਸ ਦੇ ਦੋਸਤ ਬਾਰੇ ਪਤਾ ਲਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਸੋਮਵਾਰ ਨੂੰ ‘ਜਗ ਬਾਣੀ’ ‘ਚ ਇਹ ਖ਼ਬਰ ਛਾਪੀ ਗਈ ਸੀ। ਇਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਐਕਸ਼ਨ ਲੈਂਦੇ ਹੋਏ ਦੋਸ਼ੀ ਬਾਰੇ ਪਤਾ ਕੀਤਾ ਅਤੇ ਦੇਰ ਸ਼ਾਮ ਉਸ ਨੂੰ ਕਾਬੂ ਕਰ ਲਿਆ। ਪੁਲਸ ਨੇ ਲਾਇਸੈਂਸ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ। ਇਸ ਸਬੰਧੀ ਆਪਣੇ ਬਿਆਨਾਂ ‘ਚ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਕ ਵੀਡਿਓ ਰਾਹੀਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਕਾਫੀ ਨੌਜਵਾਨ ਇਕੱਠੇ ਹਨ, ਜਿਨ੍ਹਾਂ ‘ਚੋਂ ਇਕ ਨੌਜਵਾਨ ਦੇ ਹੱਥ ‘ਚ 32 ਬੋਰ ਦਾ ਪਿਸਤੌਲ ਹੈ। ਉਹ ਗੋਲੀਆਂ ਭਰ ਕੇ ਨਾਲ ਦੇ ਸਾਥੀ ਨੂੰ ਚਲਾਉਣ ਲਈ ਦੇ ਰਿਹਾ ਹੈ। ਇਸ ਤਰ੍ਹਾਂ ਸ਼ਰੇਆਮ ਪਿਸਤੌਲ ‘ਚ ਗੋਲੀਆਂ ਭਰਨ ਨਾਲ ਆਮ ਲੋਕਾਂ ਦੀ ਨਿੱਜੀ ਸੁਰੱਖਿਆ ਅਤੇ ਜਾਨ-ਮਾਲ ਨੂੰ ਖ਼ਤਰਾ ਪੈਦਾ ਹੁੰਦਾ ਹੈ।