ਕਾਂਸਟੇਬਲਾਂ ਦੀਆਂ 700 ਆਸਾਮੀਆਂ ਲਈ ਲਿਖਤੀ ਪ੍ਰੀਖਿਆ ਦੇਣ ਚੰਡੀਗੜ੍ਹ ਪੁੱਜੇ 99 ਹਜ਼ਾਰ 940 ਬਿਨੈਕਾਰ


ਚੰਡੀਗੜ੍ਹ- ਚੰਡੀਗੜ੍ਹ ਪੁਲਸ ਦੇ ਕਾਂਸਟੇਬਲਾਂ ਦੀਆਂ ਆਸਾਮੀਆਂ ਲਈ ਲਿਖਤੀ ਪ੍ਰੀਖਿਆ ਲਈ ਐਤਵਾਰ 99 ਹਜ਼ਾਰ 940 ਬਿਨੈਕਾਰ ਪਹੁੰਚੇ। ਚੰਡੀਗੜ੍ਹ ਪੁਲਸ ਨੇ ਸਖ਼ਤ ਸੁਰੱਖਿਆ ਵਿਚਕਾਰ ਲਿਖਤੀ ਪ੍ਰੀਖਿਆ ਪੂਰੀ ਕਰਵਾ ਕੇ ਰਿਕਾਰਡ ਸਟਰਾਂਗ ਰੂਮ ਵਿਚ ਰੱਖ ਦਿੱਤਾ ਹੈ।
ਸੈਂਟਰ ਅੰਦਰ ਬਿਨੈਕਾਰ ਨੂੰ ਪੂਰੀ ਤਲਾਸ਼ੀ ਲੈਣ ਤੋਂ ਬਾਅਦ ਜਾਣ ਦਿੱਤਾ ਗਿਆ। ਕੁੜੀਆਂ ਦੀ ਸੋਨੇ ਦੀ ਚੇਨ ਅਤੇ ਮੰਗਲਸੂਤਰ ਤਕ ਉਤਰਵਾ ਦਿੱਤੇ ਸਨ। ਇਸਤੋਂ ਇਲਾਵਾ ਬਿਨੈਕਾਰਾਂ ਦੇ ਫਿੰਗਰ ਪ੍ਰਿੰਟ ਦੀ ਬਾਇਓਮੈਟ੍ਰਿਕ ਦਾ ਮਿਲਾਣ ਕੀਤਾ ਗਿਆ ਸੀ। ਪੁਲਸ ਨੇ ਸੈਂਟਰ ਕੋਲ ਜੈਮਰ ਤਕ ਲਾ ਦਿੱਤਾ ਸੀ, ਤਾਂ ਕਿ ਮੋਬਾਇਲ ਜਾਂ ਹੋਰ ਗੈਜੇਟ ਦੇ ਜ਼ਰੀਏ ਨਕਲ ਨਾ ਹੋ ਸਕੇ।

ਚੰਡੀਗੜ੍ਹ ਪੁਲਸ ਦੇ ਕਾਂਸਟੇਬਲਾਂ ਦੀਆਂ 700 ਆਸਾਮੀਆਂ ’ਤੇ ਭਰਤੀ ਲਈ ਇਕ ਲੱਖ 29 ਹਜ਼ਾਰ 3999 ਅਰਜ਼ੀਆਂ ਆਈਆਂ ਸਨ। ਉੱਥੇ ਹੀ 99 ਹਜ਼ਾਰ 940 ਬਿਨੈਕਾਰ ਲਿਖਤੀ ਪ੍ਰੀਖਿਆ ਦੇਣ ਆਏ ਸਨ। ਪੁਲਸ ਨੇ ਦੱਸਿਆ ਕਿ 29 ਹਜ਼ਾਰ 459 ਬਿਨੈਕਾਰ ਗ਼ੈਰ-ਹਾਜ਼ਰ ਰਹੇ। ਚੰਡੀਗੜ੍ਹ ਪੁਲਸ ਅਨੁਸਾਰ ਛੇਤੀ ਹੀ ਲਿਖਤੀ ਪ੍ਰੀਖਿਆ ਦਾ ਨਤੀਜਾ ਐਲਾਨ ਕੇ ਫਿਜ਼ੀਕਲ ਟੈਸਟ ਦਾ ਸ਼ਡਿਊਲ ਜਾਰੀ ਕੀਤਾ ਜਾਵੇਗਾ। ਚੰਡੀਗੜ੍ਹ ਪੁਲਸ ਨੇ 109 ਪ੍ਰੀਖਿਆ ਸੈਂਟਰ ਬਣਾਏ ਹੋਏ ਸਨ, ਜਿਨ੍ਹਾਂ ਦੇ ਬਾਹਰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਸਨ। ਪੁਲਸ ਵਿਭਾਗ ਨੇ 12 ਡੀ. ਐੱਸ. ਪੀ., 44 ਇੰਸਪੈਕਟਰ ਅਤੇ ਪੁਲਸ ਥਾਣਿਆਂ, ਆਵਾਜਾਈ ਅਤੇ ਖੁਫ਼ੀਆ ਵਿਭਾਗ ਦੇ 2188 ਐੱਨ. ਜੀ. ਓ./ਓ. ਆਰ. ਐੱਸ. ਸਮੇਤ ਲਗਭਗ 2500 ਪੁਲਸ ਅਧਿਕਾਰੀ ਡਿਊਟੀ ’ਤੇ ਤਾਇਨਾਤ ਕੀਤੇ ਸਨ।

ਪ੍ਰੀਖਿਆ ਦੌਰਾਨ ਕਿਸੇ ਵੀ ਗ਼ੈਰ-ਕਾਨੂੰਨੀ ਸਾਧਨ ਦੀ ਵਰਤੋਂ ਨੂੰ ਰੋਕਣ ਲਈ 109 ਵਿਸ਼ੇਸ਼ ਨਾਕੇ ਲਾਏ ਹੋਏ ਸਨ। ਕਿਸੇ ਵੀ ਸਥਿਤੀ ’ਤੇ ਸਖ਼ਤ ਨਜ਼ਰ ਰੱਖਣ ਲਈ ਅਰਧਸੈਨਿਕ ਬਲ ਮਤਲਬ ਆਰ. ਏ. ਐੱਫ. ਦੀਆਂ 2 ਟੁਕੜੀਆਂ ਨੂੰ ਵਿਸ਼ੇਸ਼ ਤੌਰ ’ਤੇ ਤਾਇਨਾਤ ਕੀਤਾ ਗਿਆ ਸੀ।

Leave a Reply

Your email address will not be published. Required fields are marked *