ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ’ਚ ਫਿਰ ਭਾਰੀ ਮੀਂਹ, ਅਗਲੇ ਦਿਨਾਂ ’ਚ ਵੀ ਵਿਗੜਨਗੇ ਹਾਲਾਤ


ਜਲੰਧਰ/ਅੰਮ੍ਰਿਤਸਰ : ਪੰਜਾਬ ਦੇ ਕਈ ਇਲਾਕਿਆਂ ਵਿਚ ਪਿਛਲੇ ਕੁੱਝ ਦਿਨਾਂ ਤੋਂ ਮੀਂਹ ਕਾਰਣ ਆ ਹੜ੍ਹਾਂ ਨੇ ਹਾਲਾਤ ਬਦਤਰ ਕਰਕੇ ਰੱਖ ਦਿੱਤੇ ਹਨ। ਦੋਆਬਾ ਅਤੇ ਮਾਲਵੇ ਦੇ ਕਈ ਜ਼ਿਲ੍ਹਿਆਂ ਵਿਚ ਹ਼ੜ੍ਹ ਨੇ ਤਬਾਹੀ ਮਚਾਈ ਹੋਈ ਹੈ। ਇਸ ਦਰਮਿਆਨ ਸ਼ਨੀਵਾਰ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਪਏ ਭਾਰੀ ਮੀਂਹ ਨੇ ਹਰ ਪਾਸੇ ਜਲਥਲ ਕਰਕੇ ਰੱਖ ਦਿੱਤਾ ਹੈ। ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਦਸੂਹਾ, ਤਰਨਤਾਰਨ, ਅੰਮ੍ਰਿਤਸਰ, ਅਜਨਾਲਾ, ਬਟਾਲਾ, ਫਰੀਦਕੋਟ ਤੋਂ ਇਲਾਵਾ ਸੂਬੇ ਦੇ ਹੋਰ ਹਿੱਸਿਆਂ ਵਿਚ ਸਵੇਰ ਤੋਂ ਹੀ ਅਸਮਾਨ ਵਿਚ ਕਾਲੀਆਂ ਘਟਾਵਾਂ ਛਾਈਆਂ ਰਹੀਆਂ। ਇਸ ਦਰਮਿਆਨ ਸ਼ੁਰੂ ਹੋਏ ਮੁਸਲਾਧਾਰ ਮੀਂਹ ਨੇ ਹਰ ਪਾਸੇ ਪਾਣੀ-ਪਾਣੀ ਹੀ ਕਰ ਦਿੱਤਾ।

ਮੀਂਹ ਕਾਰਣ ਜ਼ਿਆਦਾਤਰ ਕਿਸਾਨਾਂ ਦੀਆਂ ਝੋਨੇ ਦੀਆਂ ਫ਼ਸਲਾਂ ਪਾਣੀ ਵਿਚ ਡੁੱਬ ਚੁੱਕੀਆਂ ਹਨ ਜਿਸ ਕਾਰਣ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਖ਼ਰਾਬ ਹੋਣ ਦਾ ਡਰ ਸਤਾ ਰਿਹਾ ਹੈ। ਇਸ ਤੋਂ ਇਲਾਵਾ ਸੜਕਾਂ ’ਤੇ ਭਰੇ ਪਾਣੀ ਕਾਰਣ ਆਉਣ ਜਾਣ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣੇ ਕਰਨਾ ਪਿਆ।

ਕਿਹੋ ਜਿਹਾ ਰਹੇਗਾ ਅਗਲੇ ਦਿਨਾਂ ਦਾ ਹਾਲ
ਮੌਸਮ ਵਿਭਾਗ ਨੇ 21 ਤੋਂ 24 ਜੁਲਾਈ ਤੱਕ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਅੱਜ ਵੀ ਕਾਲੇ ਬੱਦਲਾਂ ਨਾਲ ਭਾਰੀ ਮੀਂਹ ਨੇ ਦਸਤਕ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਵਿਚ 23 ਜੁਲਾਈ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 31 ਅਤੇ ਘੱਟ ਤੋਂ ਘੱਟ 27 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਪੰਜਾਬ ਵਿਚ ਅਗਲੇ ਤਿੰਨ ਦਿਨਾਂ ਤੱਕ ਮਾਨਸੂਨ ਜਾਰੀ ਰਹੇਗਾ, ਜਿਸ ਦੇ ਚੱਲਦੇ ਕਿਤੇ ਹਲਕੀ ਅਤੇ ਕਿਤੇ-ਕਿਤੇ ਦਰਮਿਆਨਾ ਮੀਂਹ ਪੈ ਸਕਦਾ ਹੈ, ਜਿਸ ਕਾਰਨ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਹੋਰ ਵੀ ਪਰੇਸ਼ਾਨੀ ਵੱਧ ਸਕਦੀ ਹੈ।
ਫਸਲਾਂ ਨੂੰ ਹੋ ਰਿਹਾ ਭਾਰੀ ਨੁਕਸਾਨ
ਅਜਨਾਲਾ (ਗੁਰਜੰਟ) : ਪੰਜਾਬ ਵਿਚ ਜਿੱਥੇ ਪਹਿਲਾਂ ਹੀ ਹੜ੍ਹਾਂ ਕਾਰਨ ਭਾਰੀ ਤਬਾਹੀ ਮਚੀ ਹੋਈ ਹੈ, ਉਥੇ ਹੀ ਬੀਤੀ ਰਾਤ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਆਮ ਜਨਜੀਵਨ ਪ੍ਰਭਾਵਿਤ ਕਰਨ ਦੇ ਨਾਲ-ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾ ਦਿੱਤਾ ਹੈ। ਜਾਣਕਾਰੀ ਮੁਤਾਬਕ ਸਰਹੱਦੀ ਤਹਿਸੀਲ ਅਜਨਾਲਾ ਦੇ ਬਹੁਤ ਸਾਰੇ ਇਲਾਕਿਆਂ ਵਿਚ ਇਸ ਭਾਰੀ ਬਾਰਿਸ਼ ਨੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਅਤੇ ਪਸ਼ੂਆਂ ਦੇ ਚਾਰਾ ਪੂਰੀ ਤਰ੍ਹਾਂ ਡੁੱਬ ਗਿਆ ਹੈ, ਅਤੇ ਆਵਾਜਾਈ ਵਾਲੇ ਰਸਤਿਆਂ ’ਤੇ ਪਾਣੀ ਭਰ ਗਿਆ ਹੈ, ਜਦੋਂਕਿ ਇਹ ਬਾਰਿਸ਼ ਅਜੇ ਵੀ ਲਗਾਤਾਰ ਜਾਰੀ ਹੈ, ਜਿਸ ਤੋਂ ਅਜਿਹਾ ਲੱਗ ਰਿਹਾ ਹੈ ਕਿ ਜੇਕਰ ਬਾਰਿਸ਼ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਮ ਲੋਕਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ।

Leave a Reply

Your email address will not be published. Required fields are marked *