ਗੁਰਦਾਸਪੁਰ: ਮਕੌੜਾ ਪੱਤਣ ਦੇ ਪਾਰ ਰਹਿਣ ਵਾਲੇ ਲੋਕਾਂ ਲਈ ਸਮੇਂ-ਸਮੇਂ ’ਤੇ ਹੋ ਰਹੀ ਬਾਰਿਸ਼ ਮੁਸੀਬਤ ਦਾ ਕਾਰਨ ਬਣ ਰਹੀ ਹੈ। ਰਾਵੀ ਦਰਿਆ ’ਚ ਪਾਣੀ ਵਧਣ ਦੀ ਸੂਰਤ ’ਚ ਇੱਥੋਂ ਲੰਘਣ ਵਾਲੀ ਬੇੜੀ ਨੂੰ ਵੀ ਰੋਕ ਦਿੱਤਾ ਜਾਂਦਾ ਹੈ, ਜਿਸ ਕਾਰਨ ਦਰਿਆ ਪਾਰ ਦੇ ਪਿੰਡਾਂ ਦਾ ਜ਼ਿਲ੍ਹੇ ਨਾਲ ਸੰਪਰਕ ਪੂਰੀ ਤਰ੍ਹਾਂ ਕੱਟਿਆ ਜਾਂਦਾ ਹੈ। ਹਾਲ ਹੀ ’ਚ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਾਰਨ ਕਿਸ਼ਤੀ ਸੇਵਾ ਬੰਦ ਕਰ ਦਿੱਤੀ ਗਈ ਸੀ ਪਰ ਹੁਣ ਇਸ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ।
ਇਸ ਵੇਲੇ ਸਥਿਤੀ ਇਹ ਹੈ ਕਿ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਕਿਸ਼ਤੀ ਸਿਰਫ਼ ਦੋ ਤੋਂ ਤਿੰਨ ਗੇੜੇ ਹੀ ਲਗਾ ਪਾਉਂਦੀ ਹੈ, ਜਿਸ ਕਾਰਨ ਦਰਿਆ ਪਾਰ ਜਾਣ ਵਾਲੇ ਲੋਕਾਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ। ਦਰਿਆ ਤੋਂ ਪਾਰ ਭਰਿਆਲ, ਚੇਬੇ, ਤੂਰਵਾਨੀ, ਚੱਕਰੰਗਾ, ਕੁੱਕੜ, ਕਾਜਲਾ ਤੇ ਲਸਿਆਣ ਦੇ ਪਿੰਡਾਂ ’ਚ ਰਹਿੰਦੇ ਕਰੀਬ ਅੱਠ ਹਜ਼ਾਰ ਲੋਕਾਂ ਨੂੰ ਕਿਸ਼ਤੀ ਦਾ ਹੀ ਸਹਾਰਾ ਹੈ। ਹਾਲਾਂਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਬਰਸਾਤ ਦੇ ਮੌਸਮ ’ਚ ਅਕਸਰ ਲੋਕਾਂ ਨੂੰ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਲੋਕ ਪਹਿਲਾਂ ਤੋਂ ਹੀ ਤਿਆਰ ਰਹਿੰਦੇ ਹਨ ਪਰ ਮੌਜੂਦਾ ਸਮੇਂ ’ਚ ਲੋਕਾਂ ਦੀਆਂ ਮੁਸ਼ਕਿਲਾਂ ’ਚ ਕਾਫ਼ੀ ਵਾਧਾ ਹੋ ਗਿਆ ਹੈ।