ਜਲੰਧਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਕੈਬਨਿਟ ਮੰਤਰੀ ਬਲਕਾਰ ਸਿੰਘ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਜ਼ਿਲ੍ਹੇ ਵਿਚ ਸਤਲੁਜ ਦਰਿਆ ਵਿਚ ਆਏ ਹੜ੍ਹ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਸਬੰਧੀ ਰਿਪੋਰਟ ਲਈ। ਭਗਵੰਤ ਮਾਨ ਨੇ ਤਿੰਨਾਂ ਨੇਤਾਵਾਂ ਨਾਲ ਵੱਖਰੇ ਤੌਰ ’ਤੇ ਬੈਠਕ ਕੀਤੀ, ਜਿਸ ਵਿਚ ਹੜ੍ਹ ਕਾਰਨ ਹੋਏ ਨੁਕਸਾਨ ਸਬੰਧੀ ਚਰਚਾ ਹੋਈ। ਮੁੱਖ ਮੰਤਰੀ ਨੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਤੋਂ ਪੁੱਛਿਆ ਕਿ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਹੜ੍ਹ ਰਾਹਤ ਪ੍ਰੋਗਰਾਮ ਚਲਾਏ ਜਾ ਰਹੇ ਹਨ। ਉਨ੍ਹਾਂ ਨੇ ਸੰਸਦ ਮੈਂਬਰ ਦੁਆਰਾ ਹੜ੍ਹ ਰਾਹਤ ਪ੍ਰੋਗਰਾਮ ਵਿਚ ਸਰਗਰਮ ਤੌਰ ’ਤੇ ਅੱਗੇ ਆ ਕੇ ਹਿੱਸਾ ਲੈਣ ਦੀ ਸ਼ਲਾਘਾ ਵੀ ਕੀਤੀ ਅਤੇ ਕਿਹਾ ਕਿ ਇਸ ਨਾਲ ਜਨਤਾ ਨੂੰ ਪਤਾ ਚੱਲਿਆ ਹੈ ਕਿ ਉਨ੍ਹਾਂ ਨੇ ਜਲੰਧਰ ਵਿਚ ਸਹੀ ਪ੍ਰਤੀਨਿਧੀ ਦੀ ਚੋਣ ਕੀਤੀ ਹੈ।
ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਵੀ ਹੜ੍ਹ ਰਾਹਤ ਪ੍ਰੋਗਰਾਮਾਂ ਨੂੰ ਲੈ ਕੇ ਜਨਤਾ ਵਿਚ ਰਹੇ ਅਤੇ ਰਾਹਤ ਕੈਂਪਾਂ ਦਾ ਲਗਾਤਾਰ ਉਨ੍ਹਾਂ ਨੇ ਦੌਰਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਸਾਰੀ ਰਿਪੋਰਟ ਮਿਲਦੀ ਰਹੀ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਆਮ ਆਦਮੀ ਪਾਰਟੀ ਦੇ ਸਾਰੇ ਜਨ-ਪ੍ਰਤੀਨਿਧੀ ਜਨਤਾ ਦੇ ਸੱਚੇ ਸੇਵਕ ਹਨ। ਭਗਵੰਤ ਮਾਨ ਨੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਦਾ ਮਾਨਵਤਾ ਦੀ ਸੇਵਾ ਲਈ ਅੱਗੇ ਆ ਕੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਤ ਬਲਬੀਰ ਸਿੰਘ ਸਦਾ ਜਨਤਾ ਵਿਚ ਰਹੇ ਹਨ ਅਤੇ ਜਨਤਾ ਦੀ ਭਲਾਈ ਲਈ ਉਨ੍ਹਾਂ ਨੇ ਸਮੇਂ-ਸਮੇਂ ’ਤੇ ਅਨੇਕਾਂ ਪ੍ਰਾਜੈਕਟ ਚਲਾਏ ਹਨ। ਹੁਣ ਵੀ ਹੜ੍ਹ ਆਉਣ ਦੇ ਸਮੇਂ ਉਨ੍ਹਾਂ ਨੇ ਸੰਵੇਦਨਸ਼ੀਲ ਇਲਾਕਿਆਂ ਵਿਚ ਜਾ ਕੇ ਜਨਤਾ ਦੀ ਸੇਵਾ ਕੀਤੀ ਅਤੇ ਹੜ੍ਹ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਵਿਚ ਆਪਣਾ ਯੋਗਦਾਨ ਪਾਇਆ।
ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਪਿਛਲੇ 3-4 ਦਿਨਾਂ ਵਿਚ ਹੜ੍ਹ ਵਿਚ ਫਸੇ ਲੋਕਾਂ ਨੂੰ ਪ੍ਰਸ਼ਾਸਨ ਅਤੇ ਪੁਲਸ ਦੀ ਮਦਦ ਨਾਲ ਬਾਹਰ ਕੱਢਿਆ ਹੈ ਅਤੇ ਉਨ੍ਹਾਂ ਨੂੰ ਰਾਹਤ ਕੈਂਪਾਂ ਵਿਚ ਸ਼ਰਨ ਦਿਵਾਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮ ਆਉਂਦੇ ਹੀ ਸਾਰੇ ਮੰਤਰੀ ਅਤੇ ਸੰਸਦ ਮੈਂਬਰ ਅਤੇ ਪਾਰਟੀ ਦੇ ਨੇਤਾ ਪੀੜਤ ਲੋਕਾਂ ਦੀ ਮਦਦ ਵਿਚ ਜੁਟ ਗਏ ਸਨ ਅਤੇ ਇਸ ਨਾਲ ਜਨਤਾ ਵਿਚ ਇਕ ਚੰਗਾ ਸੰਦੇਸ਼ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਤੋਂ ਬੈਠਕ ਦੌਰਾਨ ਪੁੱਛਿਆ ਕਿ ਪ੍ਰਸ਼ਾਸਨ ਨੇ ਕਿਸ ਤਰ੍ਹਾਂ ਹੜ੍ਹ ਦੀ ਰੋਕਥਾਮ ਵਿਚ ਆਪਣਾ ਯੋਗਦਾਨ ਪਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਕੁਦਰਤੀ ਪ੍ਰਕੋਪ ਦੇ ਸਾਹਮਣੇ ਸਾਰੇ ਬੇਵੱਸ ਹਨ ਅਤੇ ਸੰਕਟ ਦੀ ਘੜੀ ਵਿਚ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੈ। ਹੜ੍ਹ ਦੇ ਕੰਮਾਂ ਵਿਚ ਰਾਜਨੀਤੀ ਨਹੀਂ ਹੋਣੀ ਚਾਹੀਦੀ।