ਖੰਨਾ – ਖੰਨਾ ’ਚ ਨੈਸ਼ਨਲ ਹਾਈਵੇਅ ’ਤੇ ਇਕ ਸੜਕ ਹਾਦਸਾ ਵਾਪਰ ਗਿਆ। ਸਿਟੀ ਥਾਣਾ-1 ਦੇ ਸਾਹਮਣੇ ਸੜਕ ਦੇ ਵਿਚਾਲੇ ਖੜ੍ਹੇ ਕੰਟੇਨਰ ਨਾਲ ਟੂਰਿਸਟ ਬੱਸ ਦੀ ਟੱਕਰ ਹੋ ਗਈ। ਹਾਦਸੇ ’ਚ ਬੱਸ ਡਰਾਈਵਰ ਦੀ ਮੌਤ ਹੋ ਗਈ। ਥਾਣਾ ਡੱਲਗਾਂਵ ਪੁਲਸ ਨੇ ਰਣਜੀਤ ਕੁਮਾਰ ਯਾਦਵ ਦੀ ਸ਼ਿਕਾਇਤ ’ਤੇ ਕੰਟੇਨਰ ਦੇ ਡਰਾਈਵਰ ਸਲੀਮ ਪੁੱਤਰ ਇਜ਼ਰਾਇਨ ਵਾਸੀ ਰਾਜਸਥਾਨ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਅਨੁਸਾਰ ਉਸ ਦਾ ਪਿਤਾ ਅਸ਼ੋਕ ਕੁਮਾਰ ਉੱਤਰ ਪ੍ਰਦੇਸ਼ ਦੀ ਇਕ ਬੱਸ ਕੰਪਨੀ ’ਚ ਡਰਾਈਵਰ ਵਜੋਂ ਕੰਮ ਕਰਦਾ ਸੀ। ਇਹ ਬੱਸ ਜੰਮੂ-ਕਸ਼ਮੀਰ ਦੀ ਸੈਰ ਲਈ ਬੁੱਕ ਕੀਤੀ ਗਈ ਸੀ। ਅੰਮ੍ਰਿਤਸਰ ਤੋਂ ਟੂਰ ’ਤੇ ਜਾਣਾ ਸੀ। ਉਸ ਦੇ ਪਿਤਾ ਬੱਸ ਰਾਹੀਂ ਅੰਮ੍ਰਿਤਸਰ ਜਾ ਰਹੇ ਸਨ। ਖੰਨਾ ਦੇ ਥਾਣਾ ਸਿਟੀ-1 ਦੇ ਸਾਹਮਣੇ ਫਲਾਈਓਵਰ ਦੇ ਉੱਪਰ ਸੜਕ ਦੇ ਵਿਚਾਲੇ ਇਕ ਕੰਟੇਨਰ ਖੜ੍ਹਾ ਸੀ। ਨੈਸ਼ਨਲ ਹਾਈਵੇ ’ਤੇ ਜਾ ਰਹੇ ਹੋਰ ਟ੍ਰੈਫਿਕ ਨੂੰ ਬਚਾਉਂਦੇ ਹੋਏ ਉਸ ਦਾ ਪਿਤਾ ਖੁਦ ਹਾਦਸੇ ਦਾ ਸ਼ਿਕਾਰ ਹੋ ਗਿਆ।
ਉਸ ਦੇ ਪਿਤਾ ਦੀ ਬੱਸ ਕੰਟੇਨਰ ਦੇ ਪਿਛਲੇ ਹਿੱਸੇ ’ਚ ਜਾ ਵੱਜੀ। ਹਾਦਸੇ ’ਚ ਉਸ ਦੇ ਪਿਤਾ ਦੀ ਮੌਤ ਹੋ ਗਈ, ਜਦਕਿ ਬੱਸ ਕੰਡਕਟਰ, ਕੰਪਨੀ ਦਾ ਰਸੋਈਆ ਅਤੇ ਤਿੰਨ ਹੋਰ ਸਵਾਰੀਆਂ ਜ਼ਖ਼ਮੀ ਹੋ ਗਈਆਂ। ਹਾਦਸੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਮਦਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਕੰਟੇਨਰ ਦੇ ਚਾਲਕ ਸਲੀਮ ਵਾਸੀ ਰਾਜਸਥਾਨ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।