ਚੰਡੀਗੜ੍ਹ – ਲੰਪੀ ਸਕਿਨ ਤੋਂ ਬਾਅਦ ਹੁਣ ਪੰਜਾਬ ’ਚ ਗਲੈਂਡਰਜ਼ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਘੋੜਿਆਂ ਨੂੰ ਬੀਮਾਰ ਕਰਨ ਵਾਲੇ ਇਸ ਵਾਇਰਸ ਨੇ ਕੁੱਝ ਦਿਨਾਂ ਦੇ ਅੰਦਰ ਹੀ ਬਠਿੰਡੇ ਤੋਂ ਬਾਅਦ ਹੁਣ ਲੁਧਿਆਣਾ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ ਹੈ। ਬੇਹੱਦ ਤੇਜ਼ੀ ਨਾਲ ਫੈਲਣ ਵਾਲੇ ਇਸ ਖ਼ਤਰਨਾਕ ਵਾਇਰਸ ਦੀ ਦਸਤਕ ਨੂੰ ਵੇਖਦੇ ਹੋਏ ਪਸ਼ੂ-ਪਾਲਣ ਵਿਭਾਗ ਨੇ ਬਠਿੰਡਾ ਅਤੇ ਲੁਧਿਆਣਾ ’ਚ ਵਾਇਰਸ ਵਾਲੀ ਜਗ੍ਹਾ ਦੇ 5 ਕਿਲੋਮੀਟਰ ਦਾਇਰੇ ਨੂੰ ਇਨਫੈਕਟਿਡ ਖੇਤਰ ਐਲਾਨ ਕਰਦੇ ਹੋਏ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਇਸ ਕੜੀ ’ਚ 25 ਕਿਲੋਮੀਟਰ ਦਾਇਰੇ ਨੂੰ ਸਕ੍ਰੀਨਿੰਗ ਜ਼ੋਨ ਐਲਾਨ ਕਰਦੇ ਹੋਏ 25 ਕਿਲੋਮੀਟਰ ਦੇ ਬਾਹਰ ਦਾਇਰੇ ’ਚ ਫਿਜ਼ੀਕਲ/ਸੀਰੋ ਸਰਵਿਲਾਂਸ ਸ਼ੁਰੂ ਕਰ ਦਿੱਤਾ ਹੈ। ਗਲੈਂਡਰਜ਼ ਬੀਮਾਰੀ ਅਜਿਹੀ ਹੈ, ਜੋ ਕੈਂਸਰ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ। ਘੋੜਿਆਂ ਅਤੇ ਖੱਚਰਾਂ ਤੋਂ ਸਿੱਧੇ ਇਹ ਬੀਮਾਰੀ ਮਨੁੱਖਾਂ ’ਚ ਹੋ ਜਾਂਦੀ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਬੇਸ਼ੱਕ ਫਰਵਰੀ 2023 ’ਚ ਗਲੈਂਡਰਜ਼ ਦਾ ਪਹਿਲਾ ਮਾਮਲਾ ਹੁਸ਼ਿਆਰਪੁਰ ਦੇ ਬੀ. ਐੱਸ. ਐੱਫ. ਕੈਂਪ ’ਚ ਆਇਆ ਸੀ ਪਰ ਮਈ ਮਹੀਨੇ ਦੌਰਾਨ ਕੁੱਝ ਦਿਨਾਂ ਦੇ ਅੰਦਰ 2 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਹ ਬੇਹੱਦ ਚਿੰਤਾਜਨਕ ਗੱਲ ਹੈ। ਇਸ ਲਈ ਸਾਵਧਾਨੀ ਵਰਤਦੇ ਹੋਏ ਅਲਰਟ ਜਾਰੀ ਕੀਤੇ ਗਏ ਹਨ। ਗਲੈਂਡਰਜ਼ ਬੇਹੱਦ ਖ਼ਤਰਨਾਕ ਬੀਮਾਰੀ ਹੈ, ਜਿਸ ਦੇ ਵਾਇਰਸ ਦੀ ਪੁਸ਼ਟੀ ਹੋਣ ’ਤੇ ਇਨਫੈਕਟਿਡ ਘੋੜੇ ਨੂੰ ਟੀਕੇ ਦੇ ਕੇ ਮਾਰਨ ਤੋਂ ਇਲਾਵਾ ਕੋਈ ਵਿਕਲਪ ਬਾਕੀ ਨਹੀਂ ਬਚਦਾ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਇਹ ਵਾਇਰਸ ਹੋਰ ਪਸ਼ੂਆਂ ਨੂੰ ਇਨਫੈਕਟਿਡ ਨਾ ਕਰੇ।