ਘੱਗਰ ਨੇੜੇ ਰਹਿਣ ਵਾਲੇ ਬੱਚਿਆਂ ਨੂੰ ਕੈਂਸਰ ਦਾ ਵੱਧ ਖ਼ਤਰਾ : ਅਧਿਐਨ


ਚੰਡੀਗੜ੍ਹ : ਘੱਗਰ ਦੇ ਪਾਣੀ ‘ਚ ਭਾਰੀ ਧਾਤਾਂ ਦੀ ਮੌਜੂਦਗੀ ਦਰਿਆ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦੀ ਸਿਹਤ ਲਈ ਵੱਡਾ ਖ਼ਤਰਾ ਪੈਦਾ ਕਰ ਰਹੀ ਹੈ। ਇਸ ਨਾਲ ਬੱਚਿਆਂ ‘ਚ ਵੱਡਿਆਂ ਦੇ ਮੁਕਾਬਲੇ ਕੈਂਸਰ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ। ਇਹ ਚਿੰਤਾਜਨਕ ਤੱਥ ਪੰਜਾਬੀ ਯੂਨੀਵਰਸਿਟੀ ਅਤੇ ਥਾਪਰ ਯੂਨੀਵਰਸਿਟੀ, ਪਟਿਆਲਾ ਦੇ ਮਾਹਰਾਂ ਵਲੋਂ ਕੀਤੇ ਗਏ ਅਧਿਐਨ ਦੌਰਾਨ ਸਾਹਮਣੇ ਆਏ ਹਨ। ਅਧਿਐਨ ਦੌਰਾਨ ਸਰਹਿੰਦ ਚੋਅ, ਵੱਡੀ ਨਦੀ, ਧਕਾਂਸ਼ੂ ਨਾਲੇ ਤਿੰਨ ਥਾਵਾਂ ਤੋਂ ਪਾਣੀ ਦੇ ਨਮੂਨੇ ਇਕੱਠੇ ਕੀਤੇ ਗਏ ਸਨ।
ਨਮੂਨਿਆਂ ‘ਚ ਗੰਦਗੀ ਦੇ ਚਿੰਤਾਜਨਕ ਪੱਧਰ ਦਾ ਖ਼ੁਲਾਸਾ ਹੋਇਆ। ਨਮੂਨਿਆਂ ‘ਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇਜਾਜ਼ਤ ਸੀਮਾ ਤੋਂ ਬਾਹਰ ਸੀਸਾ, ਆਇਰਨ ਅਤੇ ਐਲੂਮੀਨੀਅਮ ਪਾਇਆ ਗਿਆ। ਮਾੜੀ ਨਦੀ ਦੂਜੀਆਂ ਥਾਵਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਦੂਸ਼ਿਤ ਸੀ। ਸਿਹਤ ਜ਼ੋਖਮ ਮੁਲਾਂਕਣ ਡਾਟਾ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਕਿ ਅਧਿਐਨ ਖੇਤਰਾਂ ‘ਚ ਵੱਖ-ਵੱਖ ਪ੍ਰਦੂਸ਼ਕਾਂ ‘ਚ ਕੈਂਸਰ ਦੇ ਜ਼ੋਖਮ ਦੇ ਪੱਧਰ ਵੱਖੋ-ਵੱਖਰੇ ਹਨ।

ਸਾਰੇ ਤਿੰਨ ਅਧਿਐਨ ਖੇਤਰਾਂ ‘ਚ ਬੱਚਿਆਂ ‘ਚ ਕੈਂਸਰ ਸੂਚਕਾਂਕ ਬਾਲਗਾਂ ਨਾਲੋਂ ਵੱਧ ਸਨ। ਇਹ ਅਧਿਐਨ ਪੰਜਾਬ ਯੂਨੀਵਰਸਿਟੀ ਦੇ ਹਰਨੀਤ ਕੌਰ ਅਤੇ ਅੰਮ੍ਰਿਤਪਾਲ ਸਿੰਘ ਅਤੇ ਥਾਪਰ ਯੂਨੀਵਰਸਿਟੀ ਦੇ ਅਨੀਤਾ ਰਾਜੋਰ ਵੱਲੋਂ ਕੀਤਾ ਗਿਆ। ਮਾਹਰਾਂ ਨੇ ਇਨ੍ਹਾਂ ਸਥਾਨਾਂ ਦੇ ਆਲੇ-ਦੁਆਲੇ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਨ ਅਤੇ ਇਨ੍ਹਾਂ ਜਲ ਸਰੋਤਾਂ ਤੋਂ ਭਾਰੀ ਧਾਤਾਂ ਨੂੰ ਹਟਾਉਣ ਲਈ ਪ੍ਰਬੰਧਨ ਯੋਜਨਾਵਾਂ ਲਈ ਜਲ ਸਰੋਤਾਂ ਦੇ ਲਗਾਤਾਰ ਮੁਲਾਂਕਣ ਦੀ ਜ਼ੋਰਦਾਰ ਸਿਫ਼ਾਰਿਸ਼ ਕੀਤੀ ਕਿਉਂਕਿ ਇਹ ਮਨੁੱਖੀ ਸਿਹਤ ਲਈ ਖ਼ਤਰਨਾਕ ਹਨ।

Leave a Reply

Your email address will not be published. Required fields are marked *