ਨਵੀਂ ਦਿੱਲੀ- ਧਰਤੀ ਵਿਗਿਆਨ ਬਾਰੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ ਭਾਰਤ ਇਸ ਸਾਲ ਦੇ ਅੰਤ ਵਿੱਚ ਮੌਸਮ ਦੀ ਭਵਿੱਖਬਾਣੀ ਕਰਨ ਵਾਲੀਆਂ ਸੰਸਥਾਵਾਂ ਲਈ ਆਪਣਾ ਨਵਾਂ 18 ਪੇਟਾਫਲਾਪ ਸੁਪਰ ਕੰਪਿਊਟਰ ਪੇਸ਼ ਕਰੇਗਾ। ਰਿਜਿਜੂ ਨੇ ਨੋਇਡਾ ਵਿੱਚ ਮੱਧ ਰੇਂਜ ਮੌਸਮ ਦੀ ਭਵਿੱਖਬਾਣੀ ਲਈ ਮੰਤਰਾਲਾ ਦੇ ਰਾਸ਼ਟਰੀ ਕੇਂਦਰ ਦਾ ਦੌਰਾ ਕਰਨ ਤੋਂ ਬਾਅਦ ਬੁੱਧਵਾਰ ਇਹ ਐਲਾਨ ਕੀਤਾ।
ਮੌਸਮ ਬਾਰੇ ਭਵਿੱਖਬਾਣੀ ਕੇਂਦਰ ਵਿੱਚ ‘ਮਿਹਿਰ’ ਇੱਕ 2.8 ਪੇਟਾਫਲਾਪ ਸੁਪਰ ਕੰਪਿਊਟਰ ਹੈ, ਜਦੋਂ ਕਿ ਇੰਡੀਅਨ ਇੰਸਟੀਚਿਊਟ ਆਫ਼ ਟ੍ਰੋਪਿਕਲ ਮੈਟਿਓਰੋਲੋਜੀ ਪੁਣੇ ਵਿੱਚ ‘ਪ੍ਰਤਯੂਸ਼’ ਇੱਕ 4.0 ਪੇਟਾਫਲਾਪ ਸੁਪਰ ਕੰਪਿਊਟਰ ਹੈ। ਰਿਜਿਜੂ ਨੇ ਮੌਸਮ ਭਵਿੱਖਬਾਣੀ ਕੇਂਦਰ ‘ਚ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਨਵਾਂ ਸੁਪਰ ਕੰਪਿਊਟਰ 900 ਕਰੋੜ ਰੁਪਏ ਦੀ ਲਾਗਤ ਨਾਲ ਖਰੀਦਿਆ ਜਾਵੇਗਾ।