ਅੰਮ੍ਰਿਤਸਰ- ਸ਼ਹਿਰ ਵਿਚ ਗੁੰਡਾਗਰਦੀ ਦਾ ਅਜਿਹਾ ਨੰਗਾ ਨਾਚ ਹੋ ਰਿਹਾ ਹੈ ਕਿ ਅਪਰਾਧੀ ਅਨਸਰਾਂ ਨੂੰ ਪੁਲਸ ਦਾ ਕੋਈ ਡਰ ਨਹੀਂ ਜਾਪ ਰਿਹਾ। ਕੁੱਟਮਾਰ, ਲੁੱਟਾਂ-ਖੋਹਾਂ ਅਤੇ ਗੋਲੀਆਂ ਚਲਾਉਣ ਦੇ ਮਾਮਲੇ ਰੋਜ਼ਾਨਾ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਆ ਰਹੇ ਹਨ, ਪਰ ਪੁਲਸ ਕੇਸ ਦਰਜ ਕਰ ਕੇ ਕੋਈ ਕਾਰਵਾਈ ਨਹੀਂ ਕਰਦੀ। ਅਜਿਹਾ ਹੀ ਇਕ ਹੋਰ ਦਰਦਨਾਕ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸ਼ਹੀਦ ਊਧਮ ਸਿੰਘ ਨਗਰ, ਗਲੀ ਨੰਬਰ 2 ਇਲਾਕੇ ਦੇ ਇਕ ਦੁਕਾਨਦਾਰ ਦੀ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕਰ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ।
ਇਸ ਤੋਂ ਬਾਅਦ ਦੁਕਾਨਦਾਰ ਨੂੰ ਨੰਗਾ ਕਰ ਕੇ ਬੇਸਬਾਲ ਮਾਰੇ ਗਏ ਅਤੇ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ, ਉਥੇ ਹੀ ਕਿਸੇ ਨੇ ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾ ਦਿੱਤੀ ਅਤੇ ਦੇਖਦੇ ਹੀ ਦੇਖਦੇ ਇਹ ਵੀਡੀਓ ਇੰਨੀ ਵਾਇਰਲ ਹੋ ਗਈ ਕਿ ਪੁਲਸ ਨੂੰ ਇਸ ਦਾ ਸਖ਼ਤ ਨੋਟਿਸ ਲੈਣਾ ਪਿਆ। ਖ਼ਾਸ ਗੱਲ ਇਹ ਹੈ ਕਿ ਉਥੇ ਮੌਜੂਦ ਲੋਕਾਂ ਨੇ ਉਕਤ ਵਿਅਕਤੀ ਨੂੰ ਛੁਡਵਾਉਣ ਦੀ ਕੋਸਿਸ਼ ਨਹੀਂ ਕੀਤੀ ਅਤੇ ਕੁਝ ਵੀਡੀਓ ਬਣਾਉਣ ’ਚ ਲੱਗੇ ਰਹੇ। ਫਿਲਹਾਲ ਇਸ ਮਾਮਲੇ ਵਿਚ ਥਾਣਾ ਬੀ ਡਵੀਜ਼ਨ ਦੀ ਪੁਲਸ ਨੇ ਪੰਜ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਦੀ ਸ਼ਨਾਖਤ ਜੁਝਾਰ ਸਿੰਘ ਉਰਫ਼ ਬਬਲੂ, ਪ੍ਰਿੰਸ, ਬੌਬੀ, ਰਾਹੁਲ ਅਤੇ ਸੋਨੂੰ ਵਜੋਂ ਹੋਈ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੋਨੂੰ ਪਿਛਲੇ ਕੁਝ ਸਮੇਂ ਤੋਂ ਬਿਨਾਂ ਕਿਸੇ ਕਾਰਨ ਉਸ ਨਾਲ ਰੰਜਿਸ਼ ਰੱਖਦਾ ਸੀ। ਉਸ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਸਾਹਮਣੇ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਉਹ ਆਪਣੀ ਦੁਕਾਨ ਦੇ ਨੇੜੇ ਗਰਾਊਂਡ ਵਿਚ ਖੜ੍ਹਾ ਸੀ ਜਦੋਂ ਉਕਤ ਪੰਜੇ ਮੁਲਜ਼ਮ ਮੋਟਰ ਸਾਈਕਲਾਂ ’ਤੇ ਆਏ ਅਤੇ ਆਉਂਦਿਆਂ ਹੀ ਮੇਰਾ ਗਲਾ ਫੜ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।ਪੀੜਤ ਨੇ ਦੱਸਿਆ ਕਿ ਉਹ ਮੈਨੂੰ ਘਸੀਟਦੇ ਰਹੇ ਅਤੇ ਮੁਲਜ਼ਮ ਰਾਹੁਲ ਨੇ ਮੇਰੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ।
ਇਸ ਤੋਂ ਬਾਅਦ ਮੁਲਜ਼ਮ ਸੋਨੂੰ ਅਤੇ ਪ੍ਰਿੰਸ ਨੇ ਜ਼ਬਰਦਸਤੀ ਮੇਰੇ ਸਰੀਰ ’ਤੇ ਪਾਏ ਹੋਏ ਸਾਰੇ ਕੱਪੜੇ ਉਤਾਰ ਦਿੱਤੇ ਅਤੇ ਮੈਨੂੰ ਨੰਗਾ ਕਰ ਦਿੱਤਾ ਅਤੇ ਫ਼ਿਰ ਬੇਸਬਾਲ ਨਾਲ ਮੇਰੀ ਕੁੱਟਮਾਰ ਕੀਤੀ। ਰੌਲਾ ਪਾਉਣ ’ਤੇ ਸਾਰੇ ਹਮਲਾਵਰ ਆਪਣੇ ਮੋਟਰਸਾਈਕਲਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ। ਉਸ ਦੀ ਮਾਂ ਅਤੇ ਪਤਨੀ ਨੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ। ਪੁਲਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਦੇ ਲਈ ਪੁਲਸ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।