ਚੰਡੀਗੜ੍ਹ, 25 ਅਕਤੂਬਰ (ਦਲਜੀਤ ਸਿੰਘ)- ਪੰਜਾਬ ‘ਚ ਬੀ. ਐੱਸ. ਐੱਫ. ਦੇ ਵਧੇ ਦਾਇਰੇ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਮੀਟਿੰਗ ‘ਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਪੁੱਜੇ ਹੋਏ ਹਨ। ਨਵਜੋਤ ਸਿੱਧੂ ਵੀ ਮੀਟਿੰਗ ‘ਚ ਹਿੱਸਾ ਲੈ ਰਹੇ ਹਨ। ਨਵਜੋਤ ਸਿੱਧੂ ਵੱਲੋਂ ਇਸ ਦੌਰਾਨ ਟਵੀਟ ਕਰਕੇ ਬੀ. ਐੱਸ. ਐੱਫ. ਮੁੱਦੇ ‘ਤੇ ਗੱਲ ਕੀਤੀ ਗਈ ਹੈ।
ਆਪਣੇ ਟਵੀਟ ‘ਚ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਕੇਂਦਰ ਵੱਲੋਂ ਰਾਜ ਦੇ ਅੰਦਰ ਇਕ ਰਾਜ ਬਣਾ ਕੇ ਦੇਸ਼ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀ. ਐੱਸ. ਐੱਫ. ਦਾ ਮਤਲਬ ਬਾਰਡਰ ਸਕਿਓਰਿਟੀ ਫੋਰਸ ਹੈ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਕੀ ਸਰਹੱਦ ਦੀ ਪਰਿਭਾਸ਼ਾ 50 ਕਿਲੋਮੀਟਰ ਹੈ? ਨਵਜੋਤ ਸਿੱਧੂ ਨੇ ਕਿਹਾ ਕਿ ਸੂਬੇ ਦੀ ਜਨਤਕ ਸ਼ਾਂਤੀ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੁੰਦੀ ਹੈ।
ਨਵਜੋਤ ਸਿੱਧੂ ਨੇ ਦੂਜਾ ਟਵੀਟ ਕਰਦਿਆਂ ਕਿਹਾ ਕਿ ਬੰਗਾਲ ‘ਚ ਅਜਿਹੇ ਕਈ ਮਾਮਲੇ ਹਨ, ਜਿੱਥੇ ਬੀ. ਐੱਸ. ਐੱਫ. ਨੇ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਸਥਾਨਕ ਪੁਲਸ ਨੂੰ ਸੂਚਿਤ ਹੀ ਨਹੀਂ ਕੀਤਾ। ਬੰਗਾਲ ਸਰਕਾਰ ਨੇ ਪਿਛਲੇ 5 ਸਾਲਾਂ ਦੌਰਾਨ ਬੀ. ਐੱਸ. ਐੱਫ. ‘ਤੇ ਗੈਰ ਕਾਨੂੰਨੀ ਤਸ਼ੱਦਦ ਦੇ 60 ਕੇਸ ਅਤੇ 8 ਕੇਸ ਜ਼ਬਰੀ ਲਾਪਤਾ ਕਰਨ ਦੇ ਦੋਸ਼ ਸਮੇਤ ਕੁੱਲ 240 ਕੇਸ ਦਰਜ ਕੀਤੇ ਹਨ।
ਨਵਜੋਤ ਸਿੱਧੂ ਨੇ ਕਿਹਾ ਕਿ ਪੱਛਮੀ ਬੰਗਾਲ ‘ਚ ਬੀ. ਐੱਸ. ਐੱਫ. ਰੋਜ਼ਾਨਾ ਸੁਰੱਖਿਆ ਦੇ ਨਾਂ ‘ਤੇ ਦੇਸ਼ ਦੀ ਸੰਵਿਧਾਨਿਕ ਵਿਵਸਥਾ ਦੀ ਉਲੰਘਣਾ ਕਰਦਾ ਹੈ ਅਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਤਸ਼ੱਦਦ, ਝੂਠੇ ਕੇਸ, ਮਾਣਹਾਨੀ, ਨਜ਼ਰਬੰਦੀ ਅਤੇ ਗੈਰ ਕਾਨੂੰਨੀ ਗ੍ਰਿਫ਼ਤਾਰੀਆਂ ਦੇ ਮਾਮਲੇ ਪੰਜਾਬ ‘ਚ ਵੀ ਵਾਪਰਨਗੇ।