ਪਟਿਆਲਾ – ਗੁਰਦੁਆਰਾ ਸ਼੍ਰੀ ਦੂਖਨਿਵਾਰਨ ਸਾਹਿਬ ਦੇ ਸਰੋਵਰ ਕੰਢੇ ਸ਼ਰਾਬ ਪੀਣ ਕਾਰਨ ਗੋਲ਼ੀਆਂ ਮਾਰ ਕੇ ਕਤਲ ਕੀਤੀ ਔਰਤ ਦਾ ਪਰਿਵਾਰ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਭਰਾ ਹਰਮੇਲ ਸਿੰਘ ਨੇ ਉਸਦੀ ਸ਼ਨਾਖ਼ਤ ਕੀਤੀ ਹੈ। ਉਸਨੇ ਪੁਲਸ ਨੂੰ ਦੱਸਿਆ ਕਿ ਉਸ ਔਰਤ ਦਾ ਅਸਲੀ ਨਾਂ ਕੁਲਵਿੰਦਰ ਕੌਰ ਹੈ ਜੋ ਜਗਰੂਪ ਸਿੰਘ ਵਾਸੀ ਅਸਮਾਨਪੁਰ ਜ਼ਿਲ੍ਹਾ ਪਟਿਆਲਾ ਦੀ ਧੀ ਹੈ। ਪੁਲਸ ਮੁਤਾਬਕ ਉਸਦੇ ਭਰਾ ਨੇ ਦੱਸਿਆ ਕਿ ਕੁਲਵਿੰਦਰ ਕੌਰ ਦਾ ਵਿਆਹ ਸੰਗਰੂਰ ਦੇ ਮੁਨਸ਼ੀ ਵਾਲਾ ਇਲਾਕੇ ਦੇ ਰਹਿਣ ਵਾਲੇ ਵਿਅਕਤੀ ਨਾਲ ਹੋਇਆ ਸੀ ਜਿਸ ਨਾਲ ਉਸ ਦਾ ਕੁਝ ਸਾਲ ਪਹਿਲਾਂ ਤਲਾਕ ਹੋ ਗਿਆ ਸੀ।
ਕੁਲਵਿੰਦਰ ਕੌਰ 7 ਸਾਲ ਪਹਿਲਾਂ ਅਰਬਨ ਸਟੇਟ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ, ਜਿਥੇ ਉਸਨੇ ਆਪਣਾ ਜਾਅਲੀ ਆਧਾਰ ਕਾਰਡ ਪਰਵਿੰਦਰ ਕੌਰ ਦੇ ਨਾਂ ’ਤੇ ਬਣਵਾਇਆ ਸੀ। ਇਨ੍ਹੀਂ ਦਿਨੀਂ ਉਹ ਜ਼ੀਰਕਪੁਰ ਵਿਚ ਇਕ ਸੈਲੂਨ ਵਿਚ ਕੰਮ ਕਰਦੀ ਸੀ। ਮ੍ਰਿਤਕ ਦੀ ਲਾਸ਼ ਦੀ ਸ਼ਨਾਖਤ ਤੋਂ ਬਾਅਦ ਪਰਿਵਾਰ ਵੱਲੋਂ ਪੋਸਟਮਾਰਟਮ ਕਰਵਾ ਕੇ ਦੇਰ ਰਾਤ ਰਾਜਪੁਰਾ ਰੋਡ ’ਤੇ ਸਥਿਤ ਵੀਰ ਜੀ ਸ਼ਮਸ਼ਾਨਘਾਟ ’ਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।