ਸ੍ਰੀ ਚਮਕੌਰ ਸਾਹਿਬ (ਕੌਸ਼ਲ)- ਬੀਤੀ ਰਾਤ ਇਥੇ ਟਿੱਪਰ ਅਤੇ ਮੋਟਰਸਾਈਕਲ ਦੇ ਐਕਸੀਡੈਂਟ ਵਿਚ ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਲਾਏ ਧਰਨੇ ਨੇ ਉਸ ਸਮੇਂ ਹੋਰ ਤੂਲ ਫੜ੍ਹ ਲਿਆ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਧਰਨੇ ਵਿਚ ਸ਼ਿਕਰਤ ਕਰ ਦਿੱਤੀ। ਉਸੇ ਸਮੇਂ ‘ਆਪ’ ਦੇ ਮੌਜੂਦਾ ਵਿਧਾਇਕ ਡਾ. ਚਰਨਜੀਤ ਸਿੰਘ ਵੀ ਧਰਨੇ ਵਿਚ ਸ਼ਾਮਲ ਹੋ ਗਏ। ਮਾਮਲਾ ਉਸ ਸਮੇਂ ਹੋਰ ਭਖ ਗਿਆ, ਜਦੋਂ ਧਰਨੇ ਵਿਚ ਹੀ ਇਨ੍ਹਾਂ ਦੋਹਾਂ ਆਗੂਆਂ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋ ਗਈ।
ਹੋਇਆ ਇੰਝ ਕਿ ਸਬੰਧਤ ਦੁਰਘਟਨਾ ਵਿਚ ਮਾਰੇ ਗਏ ਨੌਜਵਾਨ ਦੇ ਵਾਰਿਸਾਂ ਅਤੇ ਹਮਾਇਤੀਆਂ ਨੇ ਹਸਪਤਾਲ ਅੱਗੇ ਬੀਤੀ ਰਾਤ ਤੋਂ ਹੀ ਲਾਸ਼ ਰੱਖ ਕੇ ਧਰਨਾ ਲਾਇਆ ਹੋਇਆ ਸੀ। ਉਨ੍ਹਾ ਦਾ ਦੋਸ਼ ਸੀ ਕਿ ਹਾਦਸੇ ਵੇਲੇ ਵਾਰ-ਵਾਰ ਐਂਬੂਲੈਂਸ ਨੂੰ ਫੋਨ ਕਰਨ ’ਤੇ ਹਸਪਤਾਲ ਵਾਲਿਆਂ ਨੇ ਐਂਬੂਲੈਂਸ ਨਹੀਂ ਭੇਜੀ। ਜਦੋਂ ਜ਼ਖ਼ਮੀ ਹੋਏ ਨੌਜਵਾਨ ਨੂੰ ਹਸਪਤਾਲ ਵਿਚ ਲਿਆਂਦਾ ਤਾਂ ਉੱਥੇ ਰਾਤ ਦੀ ਡਿਊਟੀ ’ਤੇ ਕੋਈ ਡਾਕਟਰ ਨਹੀਂ ਸੀ ਅਤੇ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਉਸਦੀ ਮੌਤ ਹੋ ਗਈ। ਧਰਨਾਕਾਰੀ ਲਾਸ਼ ਹਸਪਤਾਲ ਅੱਗ ਰੱਖ ਕੇ ਧਰਨੇ ’ਤੇ ਬੈਠ ਗਏ। ਉਨ੍ਹਾਂ ਕਿਹਾ ਜਦੋਂ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਰਾਤ ਵੇਲੇ ਡਾਕਟਰ ਮੌਜੂਦ ਨਹੀਂ ਸੀ।