ਜਿੱਤ ਦੇ ਕਰੀਬ ਪਹੁੰਚੀ ‘ਆਪ’, ਜਲੰਧਰ ਦੀਆਂ ਸੜਕਾਂ ‘ਤੇ ਜਸ਼ਨ


ਜਲੰਧਰ- ਜਲੰਧਰ ਜ਼ਿਮਨੀ ਚੋਣ ਲਈ ਲਗਾਤਾਰ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ਵਿਚ ਸੱਤਾਧਾਰੀ ਪਾਰਟੀ ਅਤੇ ਕਾਂਗਰਸ ਦੀ ਪਾਰਟੀ ਵਿਚ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ। ਸੁਸ਼ੀਲ ਕੁਮਾਰ ਰਿੰਕੂ ਲਗਾਤਾਰ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨਾਲੋਂ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਲਗਾਤਾਰ ਜਿੱਤ ਵੱਲ ਅੱਗੇ ਵੱਧ ਰਹੇ ਹਨ। ਹੁਣ ਤੱਕ 6 ਲੱਖ ਤੋਂ ਵਧੇਰੇ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਉਥੇ ਹੀ ਹੁਣ ਤੋਂ ਹੀਰ ਜਲੰਧਰ ਦੀਆਂ ਸੜਕਾਂ ‘ਤੇ ਆਮ ਆਦਮੀ ਪਾਰਟੀ ਦਾ ਜਸ਼ਨ ਸ਼ੁਰੂ ਹੋ ਗਿਆ ਹੈ। ਢੋਲ ਦੀ ਥਾਪ ‘ਤੇ ਭੰਗੜੇ ਪੈਣੇ ਵੀ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਪਟਾਕੇ ਵੀ ਚਲਾਏ ਜਾ ਰਹੇ ਹਨ। ਸੁਸ਼ੀਲ ਕੁਮਾਰ ਰਿੰਕੂ ਦੇ ਘਰ ਦੇ ਬਾਹਰ ਵੀ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ।

ਇਥੇ ਦੱਸਣਯੋਗ ਹੈ ਕਿ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਸਬੰਧੀ ਵੋਟਾਂ ਦੀ ਗਿਣਤੀ 8 ਵਜੇ ਦੇ ਕਰੀਬ ਡਾਇਰੈਕਟਰ ਲੈਂਡ ਰਿਕਾਰਡ ਦਫ਼ਤਰ ਅਤੇ ਸਪੋਰਟਸ ਕਾਲਜ ਕੰਪਲੈਕਸ ਕਪੂਰਥਲਾ ਰੋਡ ਵਿਖੇ ਸ਼ੁਰੂ ਹੋਈ। ਇਥੇ ਇਹ ਵੀ ਦੱਸਣਯੋਗ ਹੈ ਕਿ ਪੋਸਟਲ ਬੈਲਟ ਵੋਟਾਂ ਦੀ ਗਿਣਤੀ ਸਵੇਰੇ 7.30 ਵਜੇ ਦੇ ਕਰੀਬ ਸ਼ੁਰੂ ਹੋਈ, ਜਦਕਿ ਈ. ਵੀ. ਐੱਮਜ਼ ਤੋਂ ਪਈਆਂ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ। ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਾਂ ਦੀ ਗਿਣਤੀ ਕਰਵਾਉਣ ਲਈ ਪੂਰੀ ਤਿਆਰੀਆਂ ਕਰਦੇ ਹੋਏ ਸਾਰੇ ਜ਼ਰੂਰੀ ਪ੍ਰਬੰਧ ਯਕੀਨੀ ਬਣਾਏ ਗਏ ਹਨ। ਇਸ ਦੇ ਨਾਲ ਹੀ ਉਮੀਦਵਾਰਾਂ ਦੀਆਂ ਧੜਕਨਾਂ ਵੀ ਵੱਧ ਗਈਆਂ ਹਨ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਨਾਲੋਂ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚ ਫਸਵਾਂ ਮੁਕਾਬਲ ਚੱਲ ਰਿਹਾ ਹੈ।

ਇਨ੍ਹਾਂ ਉਮੀਦਵਾਰਾਂ ਵਿਚ ਹੈ ਮੁੱਖ ਮੁਕਾਬਲਾ
ਦੱਸਣਯੋਗ ਹੈ ਕਿ ਜਲੰਧਰ ਜ਼ਿਮਨੀ ਚੋਣ ਲਈ ਮੁੱਖ ਮੁਕਾਬਲਾ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ, ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ, ਅਕਾਲੀ ਦਲ-ਬਸਪਾ ਦੇ ਉਮੀਦਵਾਰ ਸੁਖਵਿੰਦਰ ਕੁਮਾਰ ਸੁਖੀ ਅਤੇ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਵਿਚਾਲੇ ਹੋ ਰਿਹਾ ਹੈ।

ਜਾਣੋ ਕਿਹੜੇ-ਕਿਹੜੇ ਹਲਕੇ ਵਿਚ ਕਿੰਨੇ ਫ਼ੀਸਦੀ ਹੋਈ ਸੀ ਪੋਲਿੰਗ
ਇਥੇ ਦੱਸਣਯੋਗ ਹੈ ਕਿ 10 ਮਈ ਨੂੰ ਜਲੰਧਰ ਜ਼ਿਮਨੀ ਚੋਣ ਵਿਚ ਜਲੰਧਰ ਵਿਚ ਕੁੱਲ 54.4 ਫ਼ੀਸਦੀ ਵੋਟਿੰਗ ਹੋਈ ਸੀ। ਜੇਕਰ 9 ਹਲਕਿਆਂ ਮੁਤਾਬਕ ਗੱਲ ਕੀਤੀ ਜਾਵੇ ਤਾਂ ਕਰਤਾਰਪੁਰ ਹਲਕੇ ਵਿਚ 57.40, ਜਲੰਧਰ ਕੈਂਟ ਵਿਚ 49.70 ਫ਼ੀਸਦੀ, ਆਦਮਪੁਰ ਵਿਚ 54 ਫ਼ੀਸਦੀ, ਜਲੰਧਰ ਕੇਂਦਰੀ 48.90 ਫ਼ੀਸਦੀ, ਜਲੰਧਰ ਉੱਤਰੀ 54.40 ਫ਼ੀਸਦੀ, ਜਲੰਧਰ ਪੱਛਮੀ 56.50 ਫ਼ੀਸਦੀ, ਨਕੋਦਰ 55.90 ਫ਼ੀਸਦੀ, ਫਿਲੌਰ 55.80 ਫ਼ੀਸਦੀ, ਸ਼ਾਹਕੋਟ 57.40 ਫ਼ੀਸਦੀ ਪੋਲਿੰਗ ਹੋਈ ਸੀ।

ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਮਗਰੋਂ ਖਾਲੀ ਹੋਈ ਸੀ ਸੀਟ
ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਦਾ ਜਨਵਰੀ ਵਿਚ ਰਾਹੁਲ ਗਾਂਧੀ ਦੀ ਭਾਰਤ ਜੋੜੇ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ ਦਿਹਾਂਤ ਮਗਰੋਂ ਹੀ ਜਲੰਧਰ ਲੋਕ ਸਭਾ ਦੀ ਸੀਟ ਖਾਲੀ ਹੋਈ ਸੀ। ਇਸੇ ਕਰਕੇ ਇਥੇ 10 ਮਈ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਕਰਵਾਉਣੀ ਪਈ ਸੀ। ਹਲਕੇ ਵਿੱਚ ਕੁੱਲ 16,21,800 ਵੋਟਰ ਹਨ, ਜਿਨ੍ਹਾਂ ਵਿੱਚ 8,44,904 ਪੁਰਸ਼ ਅਤੇ 7,76,855 ਔਰਤਾਂ ਅਤੇ 41 ਟਰਾਂਸਜੈਂਡਰ ਹਨ। ਜਲੰਧਰ ਲੋਕ ਸਭਾ ਸੀਟ ਅਧੀਨ 9 ਹਲਕੇ ਆਉਂਦੇ ਹਨ। ਇਨ੍ਹਾਂ ‘ਚ ਫਿਲੌਰ, ਨਕੋਦਰ, ਸ਼ਾਹਕੋਟ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਕੈਂਟ ਅਤੇ ਆਦਮਪੁਰ ਸ਼ਾਮਲ ਹਨ।

Leave a Reply

Your email address will not be published. Required fields are marked *