ਰੂਪਨਗਰ- ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ’ਚ ਬੇਅਦਬੀ ਕਰਨ ਦੇ ਦੋਸ਼ੀ ਜਸਵੀਰ ਸਿੰਘ ਉਰਫ਼ ਜੱਸੀ ਜਿਸ ਨੂੰ ਬੀਤੇ ਦਿਨ ਜੱਜ ਮਿਸ ਪਾਰੁਲ ਦੀ ਅਦਾਲਤ ’ਚੇ ਪੇਸ਼ ਕੀਤਾ ਗਿਆ ਸੀ। ਦੋਸ਼ੀ ‘ਤੇ ਭਰੀ ਅਦਾਲਤ ’ਤੇ ਵਕੀਲ ਸਾਹਿਬ ਸਿੰਘ ਖੁਰਲ ਨੇ ਹਥਿਆਰ ਨਾਲ ਹਮਲਾ ਕਰ ਦਿੱਤਾ ਸੀ, ਜਿਸ ਦੇ ਚੱਲਦੇ ਜੱਜ ਪਾਰੁਲ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਦੋਸ਼ੀ ਵਕੀਲ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਅਤੇ ਆਰਮਜ਼ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸ਼ੁੱਕਰਵਾਰ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਵੱਲੋਂ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਤੇ ਭੇਜ ਦਿੱਤਾ ਗਿਆ ਹੈ।
ਗ੍ਰਿਫ਼ਤਾਰੀ ਮਗਰੋਂ ਵਕੀਲਾਂ ਵੱਲੋਂ ਕੰਮਕਾਜ ਠੱਪ
ਸ਼ੁੱਕਰਵਾਰ ਮੁਲਜ਼ਮ ਵਕੀਲ ਸਾਹਿਬ ਸਿੰਘ ਖੁਰਲ ਦੀ ਗ੍ਰਿਫ਼ਤਾਰੀ ਮਗਰੋਂ ਵਕੀਲਾਂ ਵੱਲੋਂ ਕੰਮਕਾਜ ਠੱਪ ਕਰ ਦਿੱਤਾ ਗਿਆ ਅਤੇ ਬਾਰ ਐਸੋ. ਦੇ ਪ੍ਰਧਾਨ ਅਮਰੀਕ ਸਿੰਘ ਕਟਵਾਲ ਦੀ ਅਗਵਾਈ ਹੇਠ ਵਕੀਲਾਂ ਦਾ ਵਫ਼ਦ ਸਾਹਿਬ ਸਿੰਘ ਖੁਰਲ ’ਤੇ ਲੱਗੀ ਧਾਰਾ 307 ਨੂੰ ਹਟਾਉਣ ਲਈ ਪੁਲਸ ਦੇ ਉੱਚ ਅਧਿਕਾਰੀਆਂ ਮਿਲਿਆ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਵਕੀਲਾਂ ਵੱਲੋਂ ਵਕੀਲ ਸਾਹਿਬ ਸਿੰਘ ਖੁਰਲ ਦੀ ਰਿਹਾਈ ਲਈ ਨਾਅਰੇਬਾਜ਼ੀ ਵੀ ਕੀਤੀ ਗਈ।