ਸ਼ਹੀਦ ਮਨਦੀਪ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ, ਪੁੱਤ ਬੋਲਿਆ-ਮੈਂ ਵੀ ਫ਼ੌਜੀ ਬਣਾਂਗਾ


ਖੰਨਾ – ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਪੁੰਛ ‘ਚ ਅੱਤਵਾਦੀ ਹਮਲੇ ਦੌਰਾਨ ਦੋਰਾਹਾ ਦੇ ਪਿੰਡ ਚਣਕੋਈਆਂ ਦੇ ਮਨਦੀਪ ਸਿੰਘ ਸ਼ਹੀਦ ਹੋ ਗਏ। ਸ਼ਹੀਦ ਮਨਦੀਪ ਸਿੰਘ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਪਿੰਡ ਕੀਤਾ ਗਿਆ। ਇਕ ਕਿਲੋਮੀਟਰ ਲੰਬੀ ਅੰਤਿਮ ਯਾਤਰਾ ‘ਚ ਹਜ਼ਾਰਾਂ ਲੋਕ ਫੁੱਲਾਂ ਦੀ ਵਰਖ਼ਾ ਕਰਦੇ ਹੋਏ ਸ਼ਹੀਦ ਨੂੰ ਪ੍ਰਣਾਮ ਕਰ ਰਹੇ ਸਨ। ਮਨਦੀਪ ਸਿੰਘ ਅਮਰ ਰਹੇ ਅਤੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਜਾ ਰਹੇ ਸਨ। ਇਸ ਮੌਕੇ ਸ਼ਹੀਦ ਮਨਦੀਪ ਸਿੰਘ ਦੇ ਪੁੱਤ ਨੇ ਵੀ ਉਨ੍ਹਾਂ ਨੂੰ ਸਲਾਮੀ ਦਿੱਤੀ ਅਤੇ ਕਿਹਾ ਕਿ ਉਹ ਵੀ ਵੱਡਾ ਹੋ ਕੇ ਫ਼ੌਜ ‘ਚ ਭਰਤੀ ਹੋਵੇਗਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫੋਨ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਭੋਗ ਤੋਂ ਪਹਿਲਾਂ ਉਹ ਸ਼ਹੀਦ ਦੇ ਘਰ ਵੀ ਜਾਣਗੇ। ਜਾਣਕਾਰੀ ਮੁਤਾਬਕ ਸ਼ਹੀਦ ਮਨਦੀਪ ਸਿੰਘ ਦਾ ਤਿਰੰਗਾ ‘ਚ ਲਿਪਟਿਆ ਸਰੀਰ ਸਵੇਰੇ 9 ਵਜੇ ਪਿੰਡ ਪੁੱਜਿਆ। ਬੱਚੇ ਤੋਂ ਲੈ ਕੇ ਬਜ਼ੁਰਗ ਪੂਰਾ ਪਿੰਡ ਹੀ ਸ਼ਹੀਦ ਦੇ ਅੰਤਿਮ ਦਰਸ਼ਨ ਕਰਨ ਲਈ ਖੜ੍ਹਾ ਸੀ। ਘਰ ‘ਚ ਕਰੀਬ ਡੇਢ ਘੰਟਾ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਸੀ। ਬਾਅਦ ‘ਚ ਪਿੰਡ ਦੇ ਸ਼ਮਸ਼ਾਨਘਾਟ ‘ਚ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਇਸ ਮੌਕੇ ਡੀ. ਸੀ. ਲੁਧਿਆਣਾ ਸੁਰਭੀ ਮਲਿਕ, ਐੱਸ. ਐੱਸ. ਪੀ. ਖੰਨਾ ਅਮਨੀਤ ਕੌਂਡਲ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਪਹੁੰਚੇ। ਸ਼ਹੀਦ ਦੇ ਚਾਚਾ ਜਸਵੀਰ ਸਿੰਘ ਨਕੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਭਤੀਜੇ ਦੀ ਸ਼ਹਾਦਤ ‘ਤੇ ਪੂਰਾ ਫ਼ਖ਼ਰ ਹੈ।

Leave a Reply

Your email address will not be published. Required fields are marked *