ਚੰਡੀਗੜ੍ਹ – ਨਸ਼ੇ ਦੇ ਕਾਰੋਬਾਰ ‘ਚ ਸ਼ਾਮਲ ਹੋਣ ਦੇ ਕਾਰਨ ਨੌਕਰੀ ਤੋਂ ਬਰਖ਼ਾਸਤ ਕੀਤੇ ਗਏ ਪੰਜਾਬ ਪੁਲਸ ਦੇ ਏ. ਆਈ. ਜੀ. ਰਾਜਜੀਤ ਸਿੰਘ ਹੁੰਦਲ ਖ਼ਿਲਾਫ਼ ਵਿਜੀਲੈਂਸ ਬਿਊਰੋ ਨੇ ਵੀ ਮਾਮਲਾ ਦਰਜ ਕਰ ਲਿਆ ਹੈ। ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਐੱਸ. ਆਈ. ਟੀ. ਵਲੋਂ ਦਿੱਤੀ ਗਈ ਰਿਪੋਰਟ ‘ਚ ਦਰਜ ਰਾਜਜੀਤ ਸਿੰਘ ਹੁੰਦਲ ਦੀ ਕਰੋੜਾਂ ਰੁਪਏ ਦੀ ਜਾਇਦਾਦ ਦੇ ਸਬੰਧ ‘ਚ ਦਰਜ ਕੀਤਾ ਗਿਆ ਹੈ।
ਪੰਜਾਬ ਵਿਜੀਲੈਂਸ ਬਿਊਰੋ ਹੁਣ ਰਾਜਜੀਤ ਸਿੰਘ ਹੁੰਦਲ ਦੀਆਂ ਸਾਰੀਆਂ ਚੱਲ ਅਤੇ ਅਚੱਲ ਸੰਪਤੀਆਂ ਦੀ ਜਾਂਚ ਕਰੇਗੀ ਅਤੇ ਉਨ੍ਹਾਂ ਦੀ ਮਾਰਕਿਟ ਵੈਲਿਊ ਦੇ ਹਿਸਾਬ ਨਾਲ ਹੁੰਦਲ ਵਲੋਂ ਬਣਾਈ ਗਈ ਜਾਇਦਾਦ ਦਾ ਬਿਓਰਾ ਤਿਆਰ ਕੀਤਾ ਜਾਵੇਗਾ। ਪੰਜਾਬ ਸਰਕਾਰ ਨੂੰ ਸ਼ੰਕਾ ਹੈ ਕਿ ਨੌਕਰੀ ਤੋਂ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੇ ਨਾਲ ਮਿਲ ਕੇ ਏ. ਆਈ. ਜੀ. ਰਾਜਜੀਤ ਸਿੰਘ ਹੁੰਦਲ ਵਲੋਂ ਜੋ ਰੈਕੇਟ ਚਲਾਇਆ ਜਾ ਰਿਹਾ ਸੀ, ਉਸ ਰਾਹੀਂ ਕੀਤੀ ਗਈ ਕਾਲੀ ਕਮਾਈ ਨੂੰ ਸੰਪਤੀਆਂ ‘ਚ ਨਿਵੇਸ਼ ਕੀਤਾ ਗਿਆ। ਵਿਜੀਲੈਂਸ ਬਿਊਰੋ ਵਲੋਂ ਰਾਜਜੀਤ ਸਿੰਘ ਹੁੰਦਲ ਦੀ ਸੰਪਤੀ ਬਣਾਉਣ ‘ਚ ਜਲੰਧਰ ਦੇ ਵੱਡੇ ਹੋਟਲ ਕਾਰੋਬਾਰੀ ਦੀ ਭੂਮਿਕਾ ਵੀ ਜਾਂਚੀ ਜਾਵੇਗੀ।
ਧਿਆਨ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੁੱਝ ਹੀ ਦਿਨ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਸੀਲਬੰਦ ਰਿਪੋਰਟ ਸਾਰਵਜਨਕ ਹੋਣ ’ਤੇ ਸਰਕਾਰ ਨੂੰ ਮਿਲਣ ਤੋਂ ਬਾਅਦ ਇਸ ਮਾਮਲੇ ‘ਚ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਨਾ ਸਿਰਫ਼ ਪੰਜਾਬ ਦੇ ਗ੍ਰਹਿ ਵਿਭਾਗ ਨੇ ਪੀ. ਪੀ. ਐੱਸ. ਅਧਿਕਾਰੀ ਰਾਜਜੀਤ ਸਿੰਘ ਹੁੰਦਲ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸਗੋਂ ਵਿਜੀਲੈਂਸ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਸ ਦੀਆਂ ਸੰਪਤੀਆਂ ‘ਚ ਭ੍ਰਿਸ਼ਟਾਚਾਰ ਦੀ ਜਾਂਚ ਕੀਤੀ ਜਾਵੇ।