ਟੋਕੀਓ , 4 ਅਗਸਤ (ਦਲਜੀਤ ਸਿੰਘ)- ਆਪਣੀ ਦਲੇਰੀ ਅਤੇ ਜੁਝਾਰੂਪਣ ਨਾਲ ਇਤਿਹਾਸ ਰਚਨ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦਾ ਓਲੰਪਿਕ ਵਿਚ ਪਹਿਲੀ ਵਾਰ ਸੋਨ ਤਮਗਾ ਜਿੱਤਣ ਦਾ ਸੁਫ਼ਨਾ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਅਰਜਨਟੀਨਾ ਨੇ ਬੁੱਧਵਾਰ ਨੂੰ ਸੈਮੀਫਾਈਨਲ ਵਿਚ 2-1 ਦੀ ਜਿੱਤ ਨਾਲ ਤੋੜ ਦਿੱਤਾ। ਭਾਰਤੀ ਖਿਡਾਰੀਆਂ ਦੇ ਦਿਲ ਇਸ ਹਾਰ ਨਾਲ ਜ਼ਰੂਰ ਟੁੱਟੇ ਹੋਣਗੇ ਪਰ ਉਨ੍ਹਾਂ ਦਾ ਸਿਰ ਫਖ਼ਰ ਨਾਲ ਉਚਾ ਹੋਵੇਗਾ, ਕਿਉਂਕਿ ਓਲੰਪਿਕ ਜਾਣ ਤੋਂ ਪਹਿਲਾਂ ਕਿਸੇ ਨੇ ਉਨ੍ਹਾਂ ਦੇ ਅੰਤਿਮ 4 ਵਿਚ ਪਹੁੰਚਣ ਦੀ ਕਲਪਨਾ ਵੀ ਨਹੀਂ ਕੀਤੀ ਸੀ।
ਭਾਰਤ ਕੋਲ ਅਜੇ ਵੀ ਕਾਂਸੀ ਤਮਗਾ ਜਿੱਤਣ ਦਾ ਮੌਕਾ ਹੈ, ਜਿਸ ਲਈ ਸ਼ੁੱਕਰਵਾਰ ਨੂੰ ਉਸ ਦਾ ਸਾਹਮਣਾ ਗ੍ਰੇਟ ਬ੍ਰਿਟੇਨ ਨਾਲ ਹੋਵੇਗਾ। ਭਾਰਤ ਲਈ ਗੁਰਜੀਤ ਕੌਰ ਨੇ ਦੂਜੇ ਮਿੰਟ ਵਿਚ ਗੋਲ ਕੀਤਾ ਪਰ ਅਰਜਨਟੀਨਾ ਲਈ ਕਪਤਾਨ ਮਾਰੀਆ ਬਾਰਿਓਨੁਏਵ ਨੇ 18ਵੇਂ ਅਤੇ 36ਵੇਂ ਮਿੰਟ ਵਿਚ ਪੈਨਲਟੀ ਕਾਰਨਰ ਤਬਦੀਲ ਕੀਤੇ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਤਿੰਨ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੂੰ ਕੁਆਟਰ ਫਾਈਨਲ ਵਿਚ 1-0 ਨਾਲ ਹਰਾ ਕੇ ਪਹਿਲੀ ਵਾਰ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਸੀ।