ਪੰਜਾਬ ’ਚ ਭਾਰੀ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ


ਚੰਡੀਗੜ੍ਹ : ਸੂਬੇ ਵਿਚ ਪੈ ਰਹੀ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪਿਛਲੇ ਇਕ ਹਫਤੇ ਤੋਂ ਰੁੱਕ ਰੁੱਕ ਕੇ ਪੈ ਰਹੇ ਮੀਂਹ ਦੇ ਚੱਲਦੇ ਕਣਕ ਦੀ ਖੜ੍ਹੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ। ਉਥੇ ਹੀ ਮੌਸਮ ਵਿਭਾਗ ਨੇ ਵੀ ਯੈਲੋ ਅਲਰਟ ਜਾਰੀ ਕੀਤਾ ਸੀ ਕਿ 3 ਅਪ੍ਰੈਲ ਨੂੰ ਸੂਬੇ ਵਿਚ ਕਈ ਹਿੱਸਿਆਂ ਵਿਚ ਫਿਰ ਤੋਂ ਗੜ੍ਹੇਮਾਰੀ, ਤੇਜ਼ ਹਵਾਵਾਂ ਚੱਲਣ ਦੇ ਨਾਲ ਭਾਰੀ ਮੀਂਹ ਦੇ ਆਸਾਰ ਹਨ ਕਿਉਂਕਿ ਇਕ ਹੋਰ ਵੈਸਟਰਨ ਡਿਸਟਰਬੈਂਸ ਐਕਟਿਵ ਹੋਇਆ ਹੈ, ਜਿਸ ਦਾ ਅਸਰ ਪੰਜਾਬ ਵਿਚ ਵੀ ਕਾਫੀ ਪੈ ਰਿਹਾ ਹੈ, ਇਸ ਲਈ ਇਹ ਅਲਰਟ ਜਾਰੀ ਕੀਤਾ ਗਿਆ ਸੀ। ਮੌਸਮ ਵਿਭਾਗ ਅਨੁਸਾਰ ਇਸ ਵਾਰ ਮਾਲਵਾ ਦੇ ਸਾਰੇ ਜ਼ਿਲ੍ਹਿਆਂ ਵਿਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਿੱਥੇ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਵਿਭਾਗ ਵਲੋਂ ਗੜ੍ਹੇ ਪੈਣ ਅਤੇ ਭਾਰੀ ਮੀਂਹ ਦੀ ਸੰਭਾਵਨਾ ਤੋਂ ਬਾਅਦ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ।

ਉਥੇ ਇਹ ਵੀ ਦੱਸਣਯੋਗ ਹੈ ਕਿ ਅਪ੍ਰੈਲ ਦੇ ਸ਼ੁਰੂਆਤੀ ਦਿਨਾਂ ’ਚ ਹੀ 48 ਘੰਟੇ ਵਿਚੋਂ 11 ਮਿਲੀਮੀਟਰ ਬਾਰਿਸ਼ ਰਿਕਾਰਡ ਹੋ ਚੁੱਕੀ ਹੈ। ਜਦਕਿ ਐਤਵਾਰ ਨੂੰ ਵੀ ਵੱਧ ਤੋਂ ਵੱਧ ਪਾਰੇ ਵਿਚ ਆਮ ਨਾਲੋਂ 4 ਤੋਂ 5 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ 4 ਅਪ੍ਰੈਲ ਨੂੰ ਵੀ ਬੱਦਲ ਛਾਏ ਰਹਿਣਗੇ ਅਤੇ ਕੁੱਝ ਜ਼ਿਲ੍ਹਿਆਂ ਵਿਚ ਬੂੰਦਾਬਾਂਦੀ ਦੇ ਆਸਾਰ ਬਣ ਰਹੇ ਹਨ। ਇਸ ਤੋਂ ਬਾਅਦ 5 ਅਪ੍ਰੈਲ ਤੋਂ ਮੌਸਮ ਡਰਾਈ ਹੋਣਾ ਸ਼ੁਰੂ ਹੋਵੇਗਾ।

Leave a Reply

Your email address will not be published. Required fields are marked *