ਤਰਨਤਾਰਨ- ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹੇ ਭਰ ’ਚ ਮੌਸਮ ’ਚ ਆ ਰਹੀ ਅਚਾਨਕ ਤਬਦੀਲੀ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲ ਪੋਸ ਕੇ ਵੱਡੀ ਕੀਤੀ ਗਈ ਕਣਕ ਦੀ ਫ਼ਸਲ ਦਾ ਜਿੱਥੇ ਵੱਡੀ ਗਿਣਤੀ ’ਚ ਨੁਕਸਾਨ ਹੁੰਦਾ ਵੇਖਿਆ ਜਾ ਸਕਦਾ ਹੈ ਉੱਥੇ ਸਰੋਂ ਅਤੇ ਹੋਰ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਨਜ਼ਰ ਆ ਰਿਹਾ ਹੈ। ਸੋਨੇ ਵਾਂਗ ਪੱਕ ਕੇ ਤਿਆਰ ਹੋਣ ਜਾ ਰਹੀ ਕਣਕ ਦੀ ਫ਼ਸਲ ਦਾ ਇਸ ਵਾਰ ਝਾੜ ਕਾਫ਼ੀ ਘਟਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ, ਜਿਸ ਸਬੰਧੀ ਕਿਸਾਨਾਂ ਵਲੋਂ ਸਰਕਾਰ ਪਾਸੋਂ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਉੱਧਰ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਦੀਆਂ ਫ਼ਸਲਾਂ ਦਾ ਮੌਕੇ ’ਤੇ ਜਾ ਜਾਇਜ਼ਾ ਲੈਂਦੇ ਹੋਏ ਰਿਪੋਰਟਾਂ ਤਿਆਰ ਕੀਤੀਆਂ ਹਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਭਰ ਦੇ ਕਿਸਾਨਾਂ ਦੀ ਕਰੀਬ 30 ਹਜ਼ਾਰ ਹੈਕਟੇਅਰ ਕਣਕ ਦੀ ਫ਼ਸਲ ਅਤੇ 435 ਹੈਕਟੇਅਰ ਸਰੋਂ ਦੀ ਫ਼ਸਲ ਤੇਜ਼ ਹਵਾ ਅਤੇ ਮੀਂਹ ਕਾਰਨ ਜ਼ਮੀਨ ’ਤੇ ਵਿਛ ਗਈ ਹੈ।
ਤੇਜ਼ ਮੀਂਹ ਤੇ ਠੰਡੀਆਂ ਹਵਾਵਾਂ ਨੇ ਸੋਨੇ ਵਰਗੀ ਫ਼ਸਲ ਦਾ ਕੀਤਾ ਬੁਰਾ ਹਾਲ, ਕਿਸਾਨਾਂ ਦਾ ਹੋਇਆ ਭਾਰੀ ਨੁਕਸਾਨ
