ਨਵਜੋਤ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਕਾਂਗਰਸ ’ਚ ਵੱਡੀ ਹਲਚਲ, ਵੜਿੰਗ ਨੇ ਸਿੱਧੂ ਦੇ ਕਰੀਬੀ ਨੂੰ ਅਹੁਦੇ ਤੋਂ ਹਟਾਇਆ


ਅੰਮ੍ਰਿਤਸਰ- ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਟਿਆਲਾ ਜੇਲ ’ਚੋਂ ਰਿਹਾਅ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਇਕ ਨੇੜਲੇ ਸਾਥੀ ਨੂੰ ਕਾਂਗਰਸ ਦੇ ਅਹੁਦੇ ਤੋਂ ਫਾਰਗ ਕੀਤੇ ਜਾਣ ਨਾਲ ਪੰਜਾਬ ਕਾਂਗਰਸ ਵਿਚਲੀ ਧੜੇਬੰਦੀ ਇਕ ਵਾਰ ਮੁੜ ਉਭਰ ਕੇ ਸਾਹਮਣੇ ਆ ਗਈ ਹੈ। ਇਹ ਮਾਮਲਾ ਹੈ ਨਵਜੋਤ ਸਿੱਧੂ ਦੇ ਵਿਧਾਨ ਸਭਾ ਹਲਕਾ ਪੂਰਬੀ ਨਾਲ ਸਬੰਧਤ ਜਿਥੇ ਸਿੱਧੂ ਪਰਿਵਾਰ ਦੇ ਖਾਸਮਖਾਸ ਮੰਨੇ ਜਾਂਦੇ ਸਾਥੀ ਨਵਤੇਜ ਸਿੰਘ ਸੁਲਤਾਨਵਿੰਡ ਜੋ ਕਿ ਕਾਂਗਰਸ ਬਲਾਕ ਨਿਊ ਅੰਮ੍ਰਿਤਸਰ ਦੇ ਪ੍ਰਧਾਨ ਹਨ, ਉਨ੍ਹਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਕਮਾ ’ਤੇ ਬਲਾਕ ਪ੍ਰਧਾਨ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ।

ਇਸ ਸਬੰਧ ’ਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਦਸਤਖਤਾਂ ਹੇਠ ਜਾਰੀ ਕੀਤੀ ਗਈ ਚਿੱਠੀ ’ਚ ਲਿਖਿਆ ਗਿਆ ਹੈ ਕਿ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰ ਰਹਿਣ ਕਾਰਨ ਪੰਜਾਬ ਕਾਂਗਰਸ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਤੁਹਾਨੂੰ ਬਲਾਕ ਪ੍ਰਧਾਨ ਦੇ ਅਹੁਦੇ ਤੋਂ ਫਾਰਗ ਕੀਤਾ ਜਾਂਦਾ ਹੈ।

ਇਸ ਸਬੰਧ ’ਚ ਨਵਤੇਜ ਸਿੰਘ ਸੁਲਤਾਨਵਿੰਡ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਆਖਿਆ ਕਿ ਮੈਂ ਕਾਂਗਰਸ ਦਾ ਵਫਾਦਾਰ ਸਿਪਾਹੀ ਹਾਂ, ਪੰਜਾਬ ’ਚ ਕਾਂਗਰਸ ਖ਼ਿਲਾਫ ਭਾਂਵੇ ਕਿੰਨੀਆਂ ਵੀ ਹਨੇਰੀਆ ਝੁਲੀਆਂ ਅਸੀਂ ਕਦੇ ਡੋਲੇ ਨਹੀਂ ਅਤੇ ਹਰ ਹਾਲਾਤ ’ਚ ਕਾਂਗਰਸ ਨਾਲ ਚੱਟਾਨ ਵਾਂਗ ਡਟੇ ਰਹੇ ਹਾਂ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਕਾਂਗਰਸ ਦੀ ਕਮਾਂਡ ਸੰਭਾਲ ਰਹੀ ਲੀਡਰਸ਼ਿਪ ਸੂਬੇ ’ਚ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਬਜਾਏ ਆਪੋ-ਆਪਣੇ ਧੜਿਆਂ ਨੂੰ ਮਜ਼ਬੂਤ ਕਰਨ ’ਚ ਲੱਗੀ ਹੋਈ ਹੈ ਜਿਸ ਨੂੰ ਅਸਲੀ ਕਾਂਗਰਸੀਆਂ ਦੀ ਪਛਾਣ ਨਹੀਂ ਰਹੀ। ਉਧਰ ਇਸ ਮਾਮਲੇ ਤੋਂ ਬਾਅਦ ਸਿੱਧੂ ਖੇਮੇ ’ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਆਉਣ ਵਾਲੇ ਦਿਨਾਂ ’ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਵੱਧਣ ਦੀ ਵੀ ਪੂਰੀ ਸੰਭਾਵਨਾ ਬਣ ਸਕਦੀ ਹੈ।

Leave a Reply

Your email address will not be published. Required fields are marked *