ਅੰਮ੍ਰਿਤਪਾਲ ਨੂੰ ਲੈ ਕੇ ਹੋਇਆ ਇਕ ਹੋਰ ਵੱਡਾ ਖ਼ੁਲਾਸਾ, ਜਾਂਚ ਦੌਰਾਨ ਸਾਹਮਣੇ ਆਈਆਂ ਹੈਰਾਨ ਕਰਨ ਵਾਲੀਆਂ ਗੱਲਾਂ


ਜਲੰਧਰ/ਸ਼ਾਹਕੋਟ/ਲੁਧਿਆਣਾ – ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿਚ ਇਕ ਹੋਰ ਹੈਰਾਨ ਕਰਨ ਵਾਲੇ ਗੱਲ ਸਾਹਮਣੇ ਆਈ ਹੈ। ਇਸ ਆਪਰੇਸ਼ਨ ਦੌਰਾਨ ਅੰਮ੍ਰਿਤਪਾਲ ਪੁਲਸ ਨੂੰ ਚਕਮਾ ਦੇਣ ’ਚ ਕਾਮਯਾਬ ਹੁੰਦਾ ਗਿਆ। ਮਲਸੀਆਂ ਤੋਂ ਜਦੋਂ ਉਸਦੇ ਪਿੱਛੇ ਪੁਲਸ ਦੀਆਂ ਗੱਡੀਆਂ ਲੱਗੀਆਂ ਸੀ ਤਾਂ ਉਹ ਲਿੰਕ ਰੋਡ ਤੋਂ ਭੱਜਦਾ ਗਿਆ ਜਦੋਂ ਪੁਲਸ ਦੀਆਂ ਗੱਡੀਆਂ ਇੱਧਰ-ਉਧਰ ਹੋਈਆਂ ਤਾਂ ਉਹ ਪਿੰਡਾਂ ਦੇ ਰਸਤੇ ਮੁੜ ਮਲਸੀਆਂ ਆਇਆ ਅਤੇ ਪਿੰਡਾਂ ਦੇ ਰਸਤਿਆਂ ਤੋਂ ਹੀ ਲਾਡੋਵਾਲ ਪਹੁੰਚ ਗਿਆ।
ਇਸ ਦੌਰਾਨ ਉਸਨੇ ਕਿਤੇ ਵੀ ਹਾਈਵੇ ਦੀ ਵਰਤੋਂ ਨਹੀਂ ਕੀਤੀ। ਲਾਡੋਵਾਲ ਟੋਲ ਪਲਾਜ਼ਾ ’ਚ ਪੁਲਸ ਦਾ ਪਹਿਰਾ ਹੋਣ ਦੇ ਸ਼ੱਕ ’ਚ ਅੰਮ੍ਰਿਤਪਾਲ ਅਤੇ ਉਸਦੇ ਸਾਥੀ ਨੇ ਟੋਲ ਪਲਾਜ਼ਾ ਦੀ ਜਗ੍ਹਾ ਲਾਡੋਵਾਲ ਤੋਂ ਰੇਲਵੇ ਕ੍ਰਾਸਿੰਗ ਦੀ ਵਰਤੋਂ ਕੀਤੀ ਸੀ। ਉਸ ਤੋਂ ਬਾਅਦ ਉਹ ਲੁਧਿਆਣਾ ਤੋਂ ਪਹਿਲਾਂ ਲਾਡੋਵਾਲ ’ਚ ਪੈਂਦੇ ਹਾਰਡੀ ਵਰਲਡ ਦੇ ਬਾਹਰ ਆਟੋ ’ਚ ਬੈਠ ਕੇ ਸ਼ੇਰਪੁਰ ਚੌਕ ਪਹੁੰਚਿਆ ਸੀ। ਇੱਥੋਂ ਉਹ ਇਕ ਬੱਸ ’ਚ ਦਿੱਲੀ ਰੋਡ ਵੱਲ ਰਵਾਨਾ ਹੋਇਆ। ਲੁਧਿਆਣਾ ਦੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇਸਦੀ ਪੁਸ਼ਟੀ ਕੀਤੀ ਹੈ।

ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਪੁਲਸ ਤੋਂ ਬਚਦੇ ਹੋਏ ਅੰਮ੍ਰਿਤਪਾਲ ਵੱਖ-ਵੱਖ ਇਲਾਕਿਆਂ ’ਚ ਭੇਸ ਬਦਲ ਕੇ ਲੁਕਿਆ ਰਿਹਾ। ਕੁਝ ਘੰਟਿਆਂ ਬਾਅਦ ਹੀ ਉਹ ਆਪਣੀ ਲੋਕੇਸ਼ਨ ਬਦਲ ਲੈਂਦਾ ਹੈ। ਉਸਨੇ ਲੁਧਿਆਣਾ ’ਚ ਐਂਟਰੀ ਤੋਂ ਪਹਿਲਾਂ ਪਿੰਡ ਬਿਲਗਾ ਨੇੜੇ ਸ਼ੇਖੂਪੁਰਾ ਏਰੀਆ ਤੋਂ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਇਕ ਮੋਟਰਸਾਈਕਲ ਲਈ, ਫਿਰ ਦਰਿਆ ਕ੍ਰਾਸ ਕਰਨ ਲਈ ਬੇੜੀ ਲੱਭਣ ਦੀ ਕੋਸ਼ਿਸ਼ ਕੀਤੀ ਸੀ ਜੋ ਕਿ ਉਸ ਨੂੰ ਨਹੀਂ ਮਿਲੀ। ਫਿਰ ਲਾਡੋਵਾਲ ਪੁਲ ਕੋਲ ਸਥਿਤ ਇਕ ਪੁਰਾਣੇ ਪੁਲ ਨੂੰ ਕਰਾਸ ਕਰਕੇ ਉਹ ਲਾਡੋਵਾਲ ਦੇ ਰੇਲਵੇ ਸਟੇਸ਼ਨ ਦੇ ਕੋਲ ਵੀ ਗਿਆ। ਉਸ ਤੋਂ ਬਾਅਦ ਹਾਰਡੀ ਵਲਰਡ ਦੇ ਨੇੜੇ ਏਰੀਆ ਤੋਂ ਰਾਤ ਕਰੀਬ 9.40 ਵਜੇ ਆਟੋ ’ਚ ਬੈਠ ਕੇ ਸ਼ੇਰਪੁਰ ਚੌਕ ਵੱਲ ਨਿਕਲ ਗਿਆ।

ਸੀ. ਪੀ. ਸਿੱਧੂ ਨੇ ਕਿਹਾ ਕਿ ਪੁਲਸ ਨੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਵਾਏ ਤਾਂ ਸਪੱਸ਼ਟ ਹੋਇਆ ਕਿ ਹਾਰਡੀ ਵਰਲਡ ਕੋਲ ਅੰਮ੍ਰਿਤਪਾਲ ਅਤੇ ਉਸਦਾ ਸਾਥੀ ਬੈਗ ਦੇ ਨਾਲ ਆਟੋ ’ਚ ਬੈਠ ਕੇ ਨਿਕਲੇ ਸਨ। ਇਹ ਆਟੋ ਜਲੰਧਰ ਬਾਈਪਾਸ ਤੱਕ ਗਿਆ ਸੀ। ਉਥੋਂ ਉਹ ਦੂਜੇ ਆਟੋ ’ਚ ਸ਼ੇਰਪੁਰ ਚੌਕ ਤੱਕ ਪੁੱਜੇ। ਸ਼ੇਰਪੁਰ ਚੌਕ ਤੋਂ ਇਕ ਬੱਸ ਵਿਚ ਬੈਠ ਕੇ ਦੋਵੇਂ ਨਿਕਲ ਗਏ। ਸੀ. ਸੀ. ਟੀ. ਵੀ. ਫੁਟੇਜ ’ਚ ਉਸਦਾ ਪਿੱਛੇ ਦਾ ਹਿੱਸਾ ਨਜ਼ਰ ਆ ਰਿਹਾ ਹੈ। ਉਥੋਂ ਅੱਗੇ ਬੱਸ ਕਿੱਥੇ-ਕਿੱਥੇ ਹੋ ਕੇ ਗਈ, ਇਸਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਰਿਆਣਾ ’ਚ ਉਹ ਕਿੱਥੇ ’ਤੇ ਉਤਰਿਆ, ਇਸਦੀ ਜਾਂਚ ਚੱਲ ਰਹੀ ਹੈ।

Leave a Reply

Your email address will not be published. Required fields are marked *