ਲੁਧਿਆਣਾ – ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਨੇ ਆਉਣ ਵਾਲੇ ਕੁਝ ਦਿਨਾਂ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਮੌਸਮ ਖਰਾਬ ਹੋਣ ਕਾਰਨ ਵਧੀਆ ਪੈਦਾਵਾਰ ਅਤੇ ਝਾੜ ਲੈਣ ਲਈ ਪੀ. ਏ. ਯੂ. ਮਾਹਿਰਾਂ ਦੀਆਂ ਸਿਫਾਰਸ਼ਾਂ ਮੰਨਣ ਲਈ ਕਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੁਤਾਬਕ ਮੌਸਮ ਵਿਚ ਪੱਛਮੀ ਦਬਾਅ ਨਾਲ ਆਉਣ ਵਾਲੇ ਦੋ-ਤਿੰਨ ਦਿਨਾਂ ਦੌਰਾਨ ਪੰਜਾਬ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਖੇਤੀ ਮੌਸਮ ਵਿਭਾਗ ਦੇ ਮੁਖੀ ਡਾ. ਪੀ. ਕੇ. ਕਿੰਗਰਾ ਨੇ ਕਿਹਾ ਕਿ 17 ਤੋਂ 19 ਮਾਰਚ ਦੌਰਾਨ ਬੱਦਲ ਗਰਜਣ, ਹਲਕੀ ਬਾਰਿਸ਼, ਬਿਜਲੀ ਲਿਸ਼ਕਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਇਨ੍ਹਾਂ ਹਾਲਾਤ ਵਿਚ ਕਿਸਾਨਾਂ ਨੂੰ ਕਣਕ ਦੀ ਫਸਲ ਦੀ ਸਿੰਚਾਈ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਖੇਤਾਂ ਵਿਚ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰੋਂ ਦੀ ਕਟਾਈ ਵੀ ਕੁਝ ਦਿਨਾਂ ਲਈ ਰੋਕ ਦੇਣੀ ਚਾਹੀਦੀ ਹੈ। ਜੇਕਰ ਪਹਿਲਾਂ ਹੀ ਕਟਾਈ ਕੀਤੀ ਜਾਂਦੀ ਹੈ ਤਾਂ ਨੁਕਸਾਨ ਤੋਂ ਬਚਣ ਲਈ ਫਸਲ ਨੂੰ ਤਰਪਾਲ ਨਾਲ ਢਕ ਕੇ ਸੁਰੱਖਿਅਤ ਜਗ੍ਹਾ ’ਤੇ ਰੱਖਣਾ ਚਾਹੀਦਾ ਹੈ। ਆਉਣ ਵਾਲੇ ਮੌਸਮ ਦੇ ਮੱਦੇਨਜ਼ਰ ਮੂੰਗੀ ਦੀ ਬਿਜਾਈ ਵੀ ਦੇਰ ਨਾਲ ਹੋ ਸਕਦੀ ਹੈ।