ਫਿਲੌਰ – ਗੱਗੂ ਬਲਾਚੌਰੀਆ ਗੈਂਗ ਦੇ 3 ਸ਼ੂਟਰਾਂ ਨੂੰ ਪੁਲਸ ਨੇ ਜੰਗਲ ’ਚ 13 ਘੰਟੇ ਸਰਚ ਆਪ੍ਰੇਸ਼ਨ ਚਲਾ ਕੇ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਗੈਂਗਸਟਰਾਂ ਕੋਲੋਂ ਪੁਲਸ ਨੇ 4 ਪਿਸਤੌਲ ਅਤੇ ਜ਼ਿੰਦਾ ਰੌਂਦ ਬਰਾਮਦ ਕੀਤੇ। ਗੈਂਗ ਦਾ ਮੁੱਖ ਸਰਗਣਾ ਗੱਗੂ ਬਲਾਚੌਰੀਆ ਜੋ ਕੇਂਦਰੀ ਜੇਲ੍ਹ ਲੁਧਿਆਣਾ ’ਚ ਬੰਦ ਹੈ, ਉੱਥੇ ਹੀ ਬੈਠਾ ਆਪਰੇਟ ਕਰ ਰਿਹਾ ਸੀ। ਉਸ ਨੂੰ ਵੀ ਫਿਲੌਰ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਥਾਣੇ ਲੈ ਕੇ ਆਈ। ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ. ਪੀ. ਡੀ. ਸਰਬਜੀਤ ਬਾਹੀਆ, ਡੀ. ਐੱਸ. ਪੀ. ਜਗਦੀਸ਼ ਰਾਜ ਨੇ ਫਿਲੌਰ ਪੁਲਸ ਖ਼ਾਸ ਤੌਰ ’ਤੇ ਥਾਣਾ ਮੁਖੀ ਇੰਸ. ਸੁਰਿੰਦਰ ਕੁਮਾਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਜੰਗਲ ’ਚ ਹਥਿਆਰਾਂ ਨਾਲ ਲੁਕੇ ਸ਼ੂਟਰਾਂ ਨੂੰ ਫੜਨ ਲਈ ਉਨ੍ਹਾਂ ਨੇ ਪੂਰੀ ਰਾਤ ਸਰਚ ਆਪ੍ਰੇਸ਼ਨ ਚਲਾਇਆ, ਉਹ ਸ਼ਲਾਘਾਯੋਗ ਕਦਮ ਹੈ।
ਉਨ੍ਹਾਂ ਦੱਸਿਆ ਕਿ 2 ਦਿਨ ਪਹਿਲਾਂ ਥਾਣਾ ਮੁਖੀ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਇਲਾਕੇ ’ਚੋਂ ਗੈਂਗਸਟਰ ਨਿਕਲਣ ਵਾਲੇ ਹਨ। ਸੂਚਨਾ ਮਿਲਦੇ ਹੀ ਇੰਸ. ਸੁਰਿੰਦਰ ਕੁਮਾਰ ਪੁਲਸ ਪਾਰਟੀ ਨਾਲ ਤੇਹਿੰਗ ਚੁੰਗੀ ਰੋਡ ’ਤੇ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਕਰ ਰਹੇ ਸਨ ਕਿ ਸ਼ਾਮ 6 ਵਜੇ ਦੇ ਕਰੀਬ ਬੁਲੇਟ ਮੋਟਰਸਾਈਕਲ ’ਤੇ ਸਵਾਰ 3 ਲੜਕੇ ਉੱਥੋਂ ਗੁਜ਼ਰਨ ਲੱਗੇ ਤਾਂ ਪੁਲਸ ਨੇ ਉਨ੍ਹਾਂ ਨੂੰ ਜਿਉਂ ਹੀ ਰੁਕਵਾ ਕੇ ਉਨ੍ਹਾਂ ਦੀ ਤਲਾਸ਼ੀ ਲੈਣੀ ਚਾਹੀ ਤਾਂ 2 ਲੜਕੇ ਪੁਲਸ ਨੂੰ ਧੋਖਾ ਦੇ ਕੇ ਕੋਲ ਦੇ ਜੰਗਲ ’ਚ ਚਲੇ ਗਏ, ਜਦਕਿ ਉਨ੍ਹਾਂ ਦੇ ਇਕ ਸਾਥੀ ਸੰਦੀਪ ਕੁਮਾਰ ਸੈਂਡੀ ਪੁੱਤਰ ਧਰਮਪਾਲ ਵਾਸੀ ਪਿੰਡ ਬੋਪਾਰਾਏ, ਥਾਣਾ ਗੋਰਾਇਆਂ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 1 ਪਿਸਤੌਲ ਬਰਾਮਦ ਹੋਇਆ।