ਬਜਟ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ ‘ਤੇ ਪੰਜਾਬ ਸਰਕਾਰ, ਪ੍ਰਤਾਪ ਬਾਜਵਾ ਨੇ ਖੜ੍ਹੇ ਕੀਤੇ ਵੱਡੇ ਸਵਾਲ


ਚੰਡੀਗੜ੍ਹ : ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਬਜਟ ‘ਤੇ ਗੱਲ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਪੰਜਾਬ ਸਰਕਾਰ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਬਾਜਵਾ ਨੇ ਆਖਿਆ ਕਿ ਬਜਟ ‘ਚ ਕਰੀਬ 13 ਹਜ਼ਾਰ ਕਰੋੜ ਰੁਪਏ ਖੇਤੀਬਾੜੀ ਖੇਤਰ ਚ ਰੱਖਿਆ ਗਿਆ, ਜੋ ਕਿ 7-8 ਫ਼ੀਸਦੀ ਬਣਦਾ ਹੈ ਤੇ ਉਸ ਵਿੱਚੋਂ ਵੱਧ ਤੋਂ ਵੱਧ ਹਿੱਸਾ ਤਾਂ ਜੋ ਅਸੀਂ ਕਿਸਾਨਾਂ ਨੂੰ ਬਿਜਲੀ ਮੁਫ਼ਤ ਦਿੰਦੇ ਹਾਂ ਉਸ ‘ਤੇ ਖ਼ਰਚ ਹੋ ਜਾਂਦਾ ਹੈ। ਸਰਕਾਰ ਨੇ ਬਾਕੀ ਚੀਜ਼ਾਂ ਜਿਵੇਂ ਕੀ ਬਾਗਬਾਨੀ ਅਤੇ ਫੁੱਲਾਂ ਦੀ ਖੇਤੀ ਲਈ ਤਾਂ ਕੋਈ ਪੈਸਾ ਹੀ ਨਹੀਂ ਲਾਗੂ ਕੀਤਾ। ਇਸ ਤੋਂ ਇਲਾਵਾ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ, ਉਸ ਨੂੰ ਬਚਾਉਣ ਲਈ ਕੋਈ ਸਿਸਟਮ ਨਹੀਂ ਤੇ ਇਹ ਸਰਕਾਰ ਦੀ ਅਸਫ਼ਲਤਾ ਹੈ। ਪ੍ਰਤਾਪ ਬਾਜਵਾ ਨੇ ਤਿੱਖੇ ਸ਼ਬਦਾਂ ‘ਚ ਕਿਹਾ ਸਰਕਾਰ ਨੇ ਦੋ ਵੱਡੀਆਂ ਗਾਰੰਟੀਆਂ ਦਿੱਤੀਆਂ ਸਨ। ਕੇਜਰੀਵਾਲ ਨੇ ਕਿਹਾ ਸੀ ਕਿ ਉਹ 20 ਹਜ਼ਾਰ ਕਰੋੜ ਰੁਪਏ ਹਰ ਸਾਲ ਮਾਈਨਿੰਗ ‘ਚੋਂ ਦੇਵਾਂਗਾ ਪਰ ਇਸ ਵਾਰ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ ਕਿਉਂਕਿ ਸਿਰਫ਼ 135 ਕਰੋੜ ਰੁਪਏ ਹੀ ਮਾਈਨਿੰਗ ‘ਤੋਂ ਆਏ ਹਨ ਤੇ 8,665 ਕਰੋੜ ਰੁਪਏ ਘੱਟ ਗਏ ਹਨ।

ਉੱਥੇ ਹੀ ਬਾਜਵਾ ਨੇ ਨਾਜਾਇਜ਼ ਤੌਰ ‘ਤੇ ਹੋਈ ਮਾਈਨਿੰਗ ਦਾ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਸਰਕਾਰ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਨਾਜਾਇਜ਼ ਮਾਈਨਿੰਗ ਦਾ ਸਾਰਾ ਪੈਸਾ ਸਰਕਾਰ ਦੇ ਕੋਲ ਹੈ ਤੇ ਇਹ ਉਨ੍ਹਾਂ ਇੱਕ-ਦੂਜੇ ਨੂੰ ਵੰਡ ਦਿੱਤਾ ਹੈ। ਪ੍ਰਤਾਪ ਬਾਜਵਾ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸੱਤਾ ‘ਚ ਆਉਣ ‘ਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਾਰੰਟੀ ਦਿੱਤੀ ਸੀ ਪਰ ਅੱਜ ਬਜਟ ‘ਚ ਇਸ ਗਾਰੰਟੀ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਗਿਆ ਤੇ ਨਾ ਹੀ ਮਾਈਨਿੰਗ ਦਾ ਕੋਈ ਜ਼ਿਕਰ ਹੈ ਕਿ ਕਿੰਨੇ ਪੈਸੇ ਇਕੱਠੇ ਹੋਏ। ਇਸ ਦੇ ਨਾਲ ਹੀ ਬਾਜਵਾ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੋਂ ਪੰਜਾਬ ਦੀ ਆਬਾਕਾਰੀ ਨੀਤੀ ਦੀ ਜੁਡੀਸ਼ੀਅਲ ਜਾਂਚ ਕਰਵਾਈ ਜਾਵੇ ਕਿਉਂਕਿ ਇਹ ਪਾਲਿਸੀ ਦਿੱਲੀ ਵਾਲਿਆਂ ਨੇ ਹੀ ਇੱਥੇ ਭੇਜੀ ਹੈ। ਇਸ ਲਈ ਜਿਹੜੇ ਵੀ ਅਫ਼ਸਰ ਇਸ ‘ਚ ਸ਼ਾਮਲ ਹਨ, ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਕਿਉਂਕਿ ਇਹ ਪੰਜਾਬ ਨੂੰ ਵੱਡੇ ਪੱਧਰ ‘ਤੇ ਠੱਗ ਰਹੇ ਹਨ।

ਬਾਜਵਾ ਨੇ ਕਿਹਾ ਕਿ ‘ਆਪ’ ਦੇ ਕੁੱਲ 92 ਵਿਧਾਇਕ ਹਨ ਪਰ ਅੱਜ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ‘ਚ ਸਿਰਫ਼ 48 ਵਿਧਾਇਕ, 15 ਮੰਤਰੀਆਂ ਵਿਚੋਂ 8 ਮੰਤਰੀ ਮੌਜੂਦ ਸਨ ਤੇ ਮੁੱਖ ਮੰਤਰੀ ਕੁਝ ਸਮੇਂ ਲਈ ਵਿਧਾਨ ਸਭਾ ‘ਚ ਆਏ ਤੇ ਫਿਰ ਵਾਪਸ ਚਲੇ ਗਏ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਬਜਟ ਨੂੰ ਲੈ ਕੇ ਕਿੰਨੀ ਗੰਭੀਰ ਹੈ। ਬਾਜਵਾ ਨੇ ਤੰਜ਼ ਕੱਸਦਿਆਂ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ 92-92 ਵਿਧਾਇਕ ਪੀਲੀਆਂ ਪੱਗਾਂ ਬੰਨਦੇ ਸਨ ਪਰ ਹੁਣ ਇਹ ਗਿਣਤੀ ਘੱਟ ਕੇ 7 ਰਹਿ ਗਈ ਹੈ ਤੇ ਅਗਲੇ ਬਜਟ ਤੱਕ ਟਾਂਵੀਆਂ-ਟਾਂਵੀਆਂ ਪੱਗ ਹੀ ਦੇਖਣ ਨੂੰ ਮਿਲਣਗੀਆਂ।

Leave a Reply

Your email address will not be published. Required fields are marked *