ਚੰਡੀਗੜ੍ਹ : ਪੰਜਾਬ ਦੇ ਡਰੱਗ ਰੈਕੇਟ ਦੇ ਵੱਡੇ ਮੁਲਜ਼ਮ ਜਗਦੀਸ਼ ਭੋਲਾ ਨੂੰ ਹਾਈ ਕੋਰਟ ਤੋਂ ਅੱਜ ਵੀ ਕੋਈ ਰਾਹਤ ਨਹੀਂ ਮਿਲ ਸਕੀ। ਵੀਰਵਾਰ ਨੂੰ ਹਾਈ ਕੋਰਟ ਨੇ ਭੋਲੇ ਦੀ ਪਟੀਸ਼ਨ ’ਤੇ ਬਿਨਾਂ ਕੋਈ ਹੁਕਮ ਜਾਰੀ ਕੀਤੇ ਸੁਣਵਾਈ ਟਾਲ਼ ਦਿੱਤੀ। ਆਪਣੀ ਮਾਂ ਦੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਭੋਲੇ ਨੇ ਹਾਈ ਕੋਰਟ ਤੋਂ ਜ਼ਮਾਨਤ ਮੰਗੀ ਹੈ ਤੇ ਦੱਸਿਆ ਹੈ ਕਿ ਉਸ ਦੀ ਮਾਂ ਕਈ ਸਾਲਾਂ ਤੋਂ ਲਕਵੇ ਤੋਂ ਪੀੜਤ ਹੈ, ਇਸ ਲਈ ਉਸ ਨੂੰ ਜ਼ਮਾਨਤ ਦਿੱਤੀ ਜਾਵੇ।
ਪਿਛਲੀ ਸੁਣਵਾਈ ’ਤੇ ਪੰਜਾਬ ਸਰਕਾਰ ਨੇ ਮੰਨਿਆ ਸੀ ਕਿ ਉਸ ਦੀ ਮਾਂ ਦੀ ਸਿਹਤ ਖਰਾਬ ਹੈ। ਭੋਲੇ ਖਿਲਾਫ ਡਰੱਗ ਤਸਕਰੀ ਤੇ ਆਰਮਜ਼ ਐਕਟ ਤਹਿਤ ਮੁਹਾਲੀ ਦੀ ਸਪੈਸ਼ਲ ਕੋਰਟ ਨੇ ਉਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ 24 ਸਾਲ ਦੀ ਸਜ਼ਾ ਸੁਣਾਈ ਹੈ। ਸਜ਼ਾ ਦੇ ਇਸ ਫੈਸਲੇ ਨੂੰ ਭੋਲਾ ਹਾਈ ਕੋਰਟ ਵਿਚ ਚੁਣੌਤੀ ਦੇ ਚੁੱਕਾ ਹੈ। ਇਸ ਮਾਮਲੇ ਵਿਚ ਭੋਲੇ ਦੀ ਅਪੀਲ ਹਾਲੇ ਹਾਈ ਕੋਰਟ ਵਿਚ ਵਿਚਾਰਅਧੀਨ ਹੈ। ਭੋਲਾ ਮਨੀ ਲਾਂਡਰਿੰਗ ਮਾਮਲੇ ਵਿਚ ਵੀ ਮੁਲਜ਼ਮ ਹੈ ਤੇ ਇਸ ਮਾਮਲੇ ਵਿਚ ਹਾਈ ਕੋਰਟ ਪਿਛਲੇ ਸਾਲ ਉਸ ਦੀ ਜ਼ਮਾਨਤ ਖਾਰਜ ਕਰ ਚੁੱਕੀ ਹੈ।