ਮੁੰਬਈ- ਮੁੰਬਈ ਨਾਲ ਲੱਗਦੇ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਖਾਰਕੋਪਰ ਸਟੇਸ਼ਨ ‘ਤੇ ਮੰਗਲਵਾਰ ਨੂੰ ਸਵੇਰੇ ਇਕ ਲੋਕਲ ਟਰੇਨ ਦੇ 3 ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਬੇਲਾਪੁਰ-ਖਾਰਕੋਪਰ ਉਪਨਗਰੀ ਕਾਰੀਡੋਰ ‘ਤੇ ਰੇਲ ਆਵਾਜਾਈ ਮੁਲਤਵੀ ਕਰਨੀ ਪਈ। ਮੱਧ ਰੇਲਵੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਮੱਧ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਸ਼ਿਵਾਜੀ ਸੁਤਾਰ ਨੇ ਦੱਸਿਆ ਕਿ ਘਟਨਾ ‘ਚ ਕਿਸੇ ਯਾਤਰੀ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਸੁਤਰਾ ਮੁਤਾਬਕ 3 ਡੱਬੇ ਸਵੇਰੇ 8 ਵਜ ਕੇ 45 ਮਿੰਟ ‘ਤੇ ਪਟੜੀ ਤੋਂ ਉਤਰ ਗਏ। ਉਸ ਸਮੇਂ ਟਰੇਨ ਨਵੀ ਮੁੰਬਈ ਵਿਚ ਬੇਲਾਪੁਰ-ਖਾਰਕੋਪਰ ਲਾਈਨ ‘ਤੇ ਮੁੰਬਈ ਤੋਂ ਲੱਗਭਗ 30 ਕਿਲੋਮੀਟਰ ਦੂਰ ਖਾਰਕੋਪਰ ਸਟੇਸ਼ਨ ਪਹੁੰਚਣ ਵਾਲੀ ਸੀ।
ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪਨਵੇਲ ਸਮੇਤ ਹੋਰ ਖੇਤਰਾਂ ਤੋਂ ਰਾਹਤ ਟਰੇਨ ਰਵਾਨਾ ਕੀਤੀ ਗਈ ਅਤੇ ਸੀਨੀਅਰ ਅਧਿਕਾਰੀ ਵੀ ਘਟਨਾ ਵਾਲੀ ਥਾਂ ‘ਤੇ ਪਹੁੰਚੇ। ਅਧਿਕਾਰੀ ਮੁਤਾਬਕ ਬੇਲਾਪੁਰ-ਖਾਰਕੋਪਰ ਉਪਨਗਰੀ ਕਾਰੀਡੋਰ ‘ਤੇ ਰੇਲ ਆਵਾਜਾਈ ਮੁਲਤਵੀ ਕਰ ਦਿੱਤੀ ਗਈ ਹੈ। ਲੋਕਲ ਟਰੇਨ ਦੇ ਡੱਬੇ ਲੀਹੋਂ ਲੱਥਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।