ਅੰਮ੍ਰਿਤਸਰ : ਥਾਣਾ ਅਜਨਾਲਾ ਪੁਲਿਸ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਲਗਪਗ 25 ਸਾਥੀਆਂ ਦੇ ਖ਼ਿਲਾਫ਼ ਅਗਵਾ ਤੇ ਕੁੱਟਮਾਰ ਦੇ ਦੋਸ਼ ਵਿਚ ਵੀਰਵਾਰ ਰਾਤ ਨੂੰ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਗਿ੍ਰਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।
ਐੱਫਆਈਆਰ ਵਿਚ ਪੁਲਿਸ ਨੇ ਲੁੱਟ-ਖੋਹ ਦੀ ਧਾਰਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸਬ ਇੰਸਪੈਕਟਰ ਆਗਿਆ ਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਜ਼ਖਮੀ ਵਰਿੰਦਰ ਸਿੰਘ ਨੂੰ ਸਿਵਲ ਹਸਪਤਾਲ ਅਜਨਾਲਾ ’ਚ ਦਾਖ਼ਲ ਕਰਵਾਇਆ ਗਿਆ ਹੈ।
ਸ਼ਿਕਾਇਤਕਰਤਾ ਵਰਿੰਦਰ ਸਿੰਘ ਨੇ ਦੱਸਿਆ ਕਿ ਉਹ ਚਮਕੌਰ ਸਾਹਿਬ ਦੇ ਪਿੰਡ ਸਲੇਮਪੁਰ ਦਾ ਰਹਿਣ ਵਾਲਾ ਹੈ। ਉਹ ਸਿੱਖ ਧਰਮ ਦਾ ਪ੍ਰਚਾਰ ਕਰਕੇ ਆਪਮੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਕੁਝ ਮਹੀਨੇ ਪਹਿਲਾਂ ਵਿਦੇਸ਼ ਤੋਂ ਆਇਆ ਅੰਮ੍ਰਿਤਪਾਲ ਸਿੰਘ ਵੀ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲੀ ਵੀਡੀਓ ਇੰਟਰਨੈੱਟ ਮੀਡੀਆ ’ਤੇ ਪੋਸਟ ਪਾਉਂਦਾ ਹੁੰਦਾ ਸੀ। ਉਹ ਉਸ ਦੀ ਪੋਸਟ ਨੂੰ ਲਾਈਕ ਤੇ ਸ਼ੇਅਰ ਕਰਦਾ ਸੀ।
ਵਰਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਦੇ ਨਾਲ ਰਹਿਣ ਵਾਲੇ ਵਿਕਰਮਜੀਤ ਸਿੰਘ ਨੂੰ ਉਹ ਪਿਛਲੇ 4 ਸਾਲਾਂ ਤੋਂ ਜਾਣਦਾ ਹੈ। ਉਸ ਨੇ ਵਿਕਰਮ ਸਿੰਘ ਦੀਆਂ ਹਰਕਤਾਂ ਬਾਰੇ ਅੰਮ੍ਰਿਤਪਾਲ ਸਿੰਘ ਨੂੰ ਦੱਸਣ ਦਾ ਯਤਨ ਕੀਤਾ ਤਾਂ ਉਹ ਸਾਰੇ ਉਸ ਨਾਲ ਰੰਜਿਸ਼ ਰੱਖਣ ਲੱਗੇ। ਇਸੇ ਗੱਲ ਨੂੰ ਲੈ ਕੇ ਬੁੱਧਵਾਰ ਨੂੰ ਉਸ ਨੂੰ ਕੁਝ ਲੋਕਾਂ ਨੇ ਫੋਨ ਕੀਤਾ ਕਿ ਉਹ ਵਿਕਰਮ ਸਿੰਘ ਬਾਰੇ ਜੋ ਗਲਤਫਹਿਮੀ ਹੈ, ਉਹ ਉਸ ਨੂੰ ਠੀਕ ਕਰਨਾ ਚਾਹੁੰਦੇ ਹਨ। ਮੁਲਾਕਾਤ ਅਜਨਾਲਾ ਵਿਚ ਹੋਈ। ਕੁਝ ਲੋਕ ਕਾਰਾਂ ਵਿਚ ਆਏ ਅਤੇ ਉਸ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਲੱਗੇ।