ਕਿਸਾਨਾਂ-ਮਜ਼ਦੂਰਾਂ ਨੇ ਪ੍ਰਾਇਮਰੀ ਸਿਹਤ ਕੇਂਦਰ ਤੋਂ CM ਮਾਨ ਦੀ ਫੋਟੋ ਵਾਲਾ ਬੋਰਡ ਉਤਾਰਿਆ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਰੂਡ਼ੇਕੇ ਕਲਾਂ- ਪ੍ਰਾਇਮਰੀ ਸਿਹਤ ਕੇਂਦਰ ਰੂਡ਼ੇਕੇ ਕਲਾਂ ਨੂੰ ‘ਮੁਹੱਲਾ ਕਲੀਨਿਕ’ ’ਚ ਤਬਦੀਲ ਕਰਨ ਦਾ ਵਿਰੋਧ ਰਹੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਮੰਗਲਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਵਾਲਾ ਬੋਰਡ ਉਤਾਰ ਦਿੱਤੇ ਜਾਣ ਕਾਰਨ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਬੋਰਡ ਉਤਾਰਨ ਮੌਕੇ ਸੀ. ਪੀ. ਆਈ. ਐੱਮ. ਐੱਲ. ਲਿਬਰੇਸ਼ਨ ਦੇ ਸੂਬਾ ਆਗੂ ਕਾਮਰੇਡ ਗੁਰਪ੍ਰੀਤ ਸਿੰਘ, ਕਾਮਰੇਡ ਹਰਚਰਨ ਸਿੰਘ, ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਮੱਖਣ ਅਤੇ ਕਾਦੀਆਂ ਦੇ ਬਲਾਕ ਪ੍ਰਧਾਨ ਭੂਪਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਚਾਰ ਦਹਾਕੇ ਪੁਰਾਣੀ ਪੀ. ਐੱਚ. ਸੀ. ਨੂੰ ‘ਆਮ ਆਦਮੀ ਕਲੀਨਿਕ’ ’ਚ ਤਬਦੀਲ ਕਰਨਾ ਲੋਕਾਂ ਦੇ ਅੱਖਾਂ ’ਚ ਘੱਟਾ ਪਾਉਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਇਸ ਕੇਂਦਰ ਨਾਲ ਆਸ-ਪਾਸ ਦੇ ਸੱਤ ਪਿੰਡ ਜੁੜੇ ਹੋਏ ਹਨ ਅਤੇ ਇਸ ਨੂੰ ਕਲੀਨਿਕ ’ਚ ਬਦਲ ਕੇ ਸਰਕਾਰ ਇਸ ਪੀ. ਐੱਚ. ਸੀ. ਦੇ ਭਵਿੱਖ ’ਚ ਸੀ. ਐੱਚ. ਸੀ. ਬਣ ਜਾਣ ਦੇ ਰਸਤੇ ਬੰਦ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ 26 ਜਨਵਰੀ ਨੂੰ ਇਸ ਦਾ ਉਦਘਾਟਨ ਨਹੀਂ ਹੋਣ ਦੇਣਗੇ।

ਬੋਰਡ ਉਤਾਰੇ ਜਾਣ ਦੀ ਖਬਰ ਜਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲੀ ਤਾਂ ਐੱਸ. ਡੀ. ਐੱਮ. ਬਰਨਾਲਾ ਗੋਪਾਲ ਸਿੰਘ, ਐੱਸ. ਐੱਮ. ਓ. ਸਤਵੰਤ ਸਿੰਘ ਔਜਲਾ, ਮੈਡੀਕਲ ਅਫ਼ਸਰ ਜਤਿਨ, ਜਸਕਰਨ ਸਿੰਘ ਬਰਾਡ਼ ਤਹਿਸੀਲਦਾਰ ਤਪਾ, ਕਾਨੂੰਨਗੋ ਇਕਬਾਲ ਸਿੰਘ ਅਤੇ ਐੱਸ. ਡੀ. ਓ. ਸੰਦੀਪ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਅਧਿਕਾਰੀਆਂ ਨੇ ਬੋਰਡ ਉਤਾਰਨ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਲਿਖਤੀ ਵਿਸ਼ਵਾਸ ਦਿਵਾਇਆ ਕਿ ਇਸ ਪੀ. ਐੱਚ. ਸੀ. ਦਾ ਬੋਰਡ ਪਹਿਲਾ ਵਾਲਾ ਹੀ ਰਹਿਣ ਦਿੱਤਾ ਜਾਵੇਗਾ ਅਤੇ ਨਾ ਹੀ ਪਹਿਲੀ ਕੋਈ ਆਸਾਮੀ ਖ਼ਤਮ ਕੀਤੀ ਜਾਵੇਗੀ। ਦੋਵਾਂ ਧਿਰਾਂ ’ਚ ਇਹ ਵੀ ਸਹਿਮਤੀ ਬਣੀ ਕਿ ਆਮ ਆਦਮੀ ਕਲੀਨਿਕ ਦਾ ਬੋਰਡ ਵੱਖ ਲਾਇਆ ਜਾਵੇਗਾ।

Leave a Reply

Your email address will not be published. Required fields are marked *