ਨਵੀਂ ਦਿੱਲੀ- ਦਿੱਲੀ ਦੇ ਕੰਝਾਵਲਾ ਮਾਮਲੇ ‘ਚ ਮ੍ਰਿਤਕ ਕੁੜੀ ਅੰਜਲੀ ਦੀ ਸਹੇਲੀ ਨਿਧੀ ਬਾਰੇ ਵੱਡਾ ਖ਼ੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਨਿਧੀ ਨੂੰ 6 ਦਸੰਬਰ 2020 ਨੂੰ ਡਰੱਗ ਰੱਖਣ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਨਿਧੀ ਨੂੰ ਆਗਰਾ ਕੈਂਟ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਨਿਧੀ ਕੋਲ 10 ਕਿਲੋਗ੍ਰਾਮ ਗਾਂਜਾ ਬਰਾਮਦ ਹੋਇਆ ਸੀ। ਹਾਲਾਂਕਿ ਪੁਲਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖ਼ਰਕਾਰ ਨਿਧੀ, ਅੰਜਲੀ ਕਤਲਕਾਂਡ ਮਾਮਲੇ ਵਿਚ ਕੀ ਲੁਕਾ ਰਹੀ ਹੈ।
ਅੰਜਲੀ ਦੇ ਕਾਰ ਵਿਚ ਫਸ ਜਾਣ ਮਗਰੋਂ ਘਟਨਾ ਵਾਲੀ ਥਾਂ ਤੋਂ ਨਿਧੀ ਆਪਣੇ ਘਰ ਚਲੀ ਗਈ ਸੀ। ਉਸ ਨੇ ਘਟਨਾ ਦੀ ਜਾਣਕਾਰੀ ਨਾ ਤਾਂ ਪੁਲਸ ਨੂੰ ਦਿੱਤੀ ਸੀ ਅਤੇ ਨਾ ਹੀ ਅੰਜਲੀ ਦੇ ਘਰ ਵਾਲਿਆਂ ਨੂੰ। ਅੰਜਲੀ ਦੇ ਘਰ ਵਾਲਿਆਂ ਮੁਤਾਬਕ ਉਨ੍ਹਾਂ ਨੇ ਕਦੇ ਵੀ ਨਿਧੀ ਨੂੰ ਨਹੀਂ ਵੇਖਿਆ। ਅੰਜਲੀ ਦੀ ਮਾਂ ਅਤੇ ਮਾਮਾ ਨੇ ਨਿਧੀ ਦੀ ਭੂਮਿਕਾ ‘ਤੇ ਸ਼ੱਕ ਜਤਾਉਂਦੇ ਹੋਏ ਸਾਜਿਸ਼ ਰਚਣ ਦਾ ਵੀ ਦੋਸ਼ ਲਾਇਆ ਹੈ। ਪੁਲਸ ਇਹ ਜਾਣਨਾ ਚਾਹੁੰਦੀ ਹੈ ਕਿ ਨਿਧੀ ਨੇ ਆਖ਼ਰਕਾਰ ਘਟਨਾ ਦੀ ਜਾਣਕਾਰੀ ਕਿਉਂ ਨਹੀਂ ਦਿੱਤੀ ਸੀ।
ਓਧਰ ਨਿਧੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਉਸ ਦੇ ਭਰਾਵਾਂ ਨੇ ਪਰਿਵਾਰ ਤੋਂ ਬੇਦਖ਼ਲ ਕਰ ਦਿੱਤਾ ਹੈ। ਨਿਧੀ ਕਈ ਸਾਲਾਂ ਤੋਂ ਆਪਣੇ ਪਰਿਵਾਰ ਤੋਂ ਵੱਖ ਰਹਿ ਰਹੀ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਅਜਿਹਾ ਕਿਉਂ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਆਪਣੀਆਂ ਸਹੇਲੀਆਂ ਨਾਲ ਘੁੰਮਦੀ ਸੀ, ਇਸ ਲਈ ਭਰਾਵਾਂ ਨੇ ਉਸ ਨੂੰ ਵੱਖ ਕਰ ਦਿੱਤਾ ਪਰ ਉਹ ਧੀ ਨੂੰ ਮਿਲਣ ਜਾਂਦੀ ਰਹਿੰਦੀ ਹੈ। ਉਨ੍ਹਾਂ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਧੀ ਖ਼ਿਲਾਫ ਕੁਝ ਸਾਲ ਪਹਿਲਾਂ ਆਗਰਾ ਵਿਚ ਕੇਸ ਦਰਜ ਹੋਇਆ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਕਿਸ ਮਾਮਲੇ ਵਿਚ ਸੀ।
ਕੀ ਹੈ ਮਾਮਲਾ
ਦੱਸਣਯੋਗ ਹੈ ਕਿ ਨਵੇਂ ਸਾਲ ਵਾਲੇ ਦਿਨ ਦਿੱਲੀ ਦੇ ਕੰਝਾਵਲਾ ਇਲਾਕੇ ‘ਚ ਸਕੂਟੀ ਸਵਾਰ ਅੰਜਲੀ ਨੂੰ ਘੜੀਸਦੇ ਹੋਏ ਕਾਰ 10-12 ਕਿਲੋਮੀਟਰ ਦੂਰ ਲੈ ਗਈ। ਇਸ ਮਾਮਲੇ ਵਿਚ ਪੁਲਸ ਨੇ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਦੌਰਾਨ ਅੰਜਲੀ ਦੀ ਸਹੇਲੀ ਵੀ ਸਕੂਟੀ ‘ਤੇ ਸਵਾਰ ਸੀ, ਜੋ ਕਿ ਫਰਾਰ ਹੋ ਗਈ ਸੀ।