ਚੰਡੀਗੜ੍ਹ : ਐੱਸਵਾਈਐੱਲ ਮੁੱਦੇ ‘ਤੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਬੈਠਕ ਦਿੱਲੀ ‘ਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਹੋਈ ਜੋ ਕਿ ਬੇਸਿੱਟਾ ਰਹੀ। ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ‘ਚ ਆਪਣਾ ਪੱਖ ਮਜ਼ਬੂਤੀ ਨਾਲ ਰੱਖਿਆ। ਮੀਟਿੰਗ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਕੋਲ ਕਿਸੇ ਦੂਸਰੇ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਪੰਜਾਬ ਕੋਲ ਪਹਿਲਾਂ ਹੀ ਪਾਣੀ ਦੀ ਘਾਟ ਹੈ। ਉਨ੍ਹਾਂ SYL ਦੀ ਜਗ੍ਹਾ YSL ਬਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਯਮੁਨਾ ਤੋੇਂ ਹਰਿਆਣਾ ਨੂੰ ਪਾਣੀ ਜਾਣ ‘ਤੇ ਕੋਈ ਇਤਰਾਜ਼ ਨਹੀਂ। ਮਾਮਲਾ ਫਿਲਹਾਲ ਸੁਪਰੀਮ ਕੋਰਟ ‘ਚ ਵਿਚਾਰ ਅਧੀਨ ਹੈ। ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਹੱਦ ਤੋਂ ਬਾਹਰ ਜਾ ਕੇ ਗੱਲਾਂ ਕੀਤੀਆਂ। ਐੱਸਵਾਈਐੱਲ ‘ਤੇ ਸਹਿਮਤੀ ਵਾਲਾ ਕੋਈ ਹੱਲ ਨਹੀਂ ਹੋਇਆ।
ਦਰਅਸਲ ਪੰਜਾਬ ਵੱਲੋਂ ਪਾਣੀ ਨਾ ਦੇਣ ਕਾਰਨ ਹਰਿਆਣਾ ਨੂੰ 1.88 ਐਮ.ਏ.ਐਫ. ਪਾਣੀ ਨਹੀਂ ਮਿਲ ਰਿਹਾ। ਪੰਜਾਬ ਅਤੇ ਰਾਜਸਥਾਨ ਹਰ ਸਾਲ ਕਰੀਬ 2600 ਕਿਊਸਿਕ ਹਰਿਆਣਾ ਦਾ ਪਾਣੀ ਵਰਤ ਰਹੇ ਹਨ। ਜੇਕਰ ਇਹ ਪਾਣੀ ਹਰਿਆਣਾ ‘ਚ ਆਉਂਦਾ ਤਾਂ 10.08 ਲੱਖ ਏਕੜ ਜ਼ਮੀਨ ਦੀ ਸਿੰਚਾਈ ਹੋ ਜਾਂਦੀ, ਸੂਬੇ ਦੀ ਪਿਆਸ ਬੁਝ ਜਾਂਦੀ ਤੇ ਲੱਖਾਂ ਕਿਸਾਨਾਂ ਨੂੰ ਇਸ ਦਾ ਲਾਭ ਹੁੰਦਾ। ਇਹ ਪਾਣੀ ਨਾ ਮਿਲਣ ਕਾਰਨ ਦੱਖਣੀ-ਹਰਿਆਣਾ ‘ਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵੀ ਕਾਫੀ ਹੇਠਾਂ ਚਲਾ ਗਿਆ ਹੈ।