ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ 18 ਜ਼ਿਲ੍ਹਿਆਂ ਦੇ 800 ਤੋਂ ਵੱਧ ਪਿੰਡਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰੇ,
ਪ੍ਰਦੂਸ਼ਣ ਦਾ ਗੜ੍ਹ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੀ ਮੰਗ

ਚੰਡੀਗੜ੍ਹ 3 ਜਨਵਰੀ- ਸਾਂਝਾ ਮੋਰਚਾ ਜ਼ੀਰਾ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਅੱਜ 18 ਜ਼ਿਲ੍ਹਿਆਂ ਦੇ 800 ਤੋਂ ਵੱਧ ਪਿੰਡਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਵਿੱਚ ਰੋਸ ਵਜੋਂ ਕਾਲੀਆਂ ਝੰਡੀਆਂ ਤੇ ਪੱਟੀਆਂ ਬੰਨ੍ਹ ਕੇ ਮੁਜ਼ਾਹਰਾਕਾਰੀ,’ਸ਼ਰਾਬ ਫੈਕਟਰੀ ਬੰਦ ਕਰੋ’, ‘ਲੋਕਾਂ ਸਿਰ ਮੜ੍ਹੇ ਝੂਠੇ ਕੇਸ ਵਾਪਸ ਲਓ’ ਅਤੇ ‘ਪੰਜਾਬ ਸਰਕਾਰ ਮੁਰਦਾਬਾਦ’ ਦੇ ਨਾਹਰੇ ਲਾ ਰਹੇ ਸਨ। ਬੁਲਾਰਿਆਂ ਵੱਲੋਂ ਪ੍ਰਦੂਸ਼ਣ ਦਾ ਗੜ੍ਹ ਬਣੀ ਜਾਨਲੇਵਾ ਸ਼ਰਾਬ ਫੈਕਟਰੀ ਬੰਦ ਕਰਨ ਦੀ ਹੱਕੀ ਮੰਗ ਮੰਨਣ ਦੀ ਬਜਾਏ ਮੋਰਚਾ ਆਗੂਆਂ ਵਿਰੁੱਧ ਝੂਠੇ ਕੇਸ ਮੜ੍ਹ ਕੇ ਜਾਂਚ ਕਮੇਟੀਆਂ ਵਿੱਚ ਨਜਾਇਜ਼ ਦਖਲਅੰਦਾਜ਼ੀ ਰਾਹੀਂ ਫੈਕਟਰੀ ਦੇ ਪੱਖ ‘ਚ ਭੁਗਤ ਰਹੀ ਪੰਜਾਬ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਗਈ। ਉਨ੍ਹਾਂ ਨੇ ਜ਼ੋਰਦਾਰ ਮੰਗ ਕੀਤੀ ਕਿ ਮਾਲਬ੍ਰੋਜ਼ ਸ਼ਰਾਬ ਫੈਕਟਰੀ ਪੱਕੇ ਤੌਰ ‘ਤੇ ਬੰਦ ਕੀਤੀ ਜਾਵੇ; ਮੋਰਚਾ ਆਗੂਆਂ ਵਿਰੁੱਧ ਦਰਜ ਕੀਤੇ ਸਾਰੇ ਪੁਲਿਸ ਕੇਸ ਰੱਦ ਕੀਤੇ ਜਾਣ ਅਤੇ ਪ੍ਰਦੂਸ਼ਣ ਪੀੜਤ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।

ਉਨ੍ਹਾਂ ਦੱਸਿਆ ਕਿ ਭਲਕੇ 4 ਜਨਵਰੀ ਨੂੰ ਜਥੇਬੰਦੀ ਵੱਲੋਂ ਇਸ ਤੋਂ ਵੀ ਵੱਧ ਪਿੰਡਾਂ ਵਿੱਚ ਅਜਿਹੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ ਅਤੇ 6 ਜਨਵਰੀ ਨੂੰ ਫੈਕਟਰੀ ਪ੍ਰਦੂਸ਼ਣ ਕਾਰਨ ਗੁਰਦੇ ਫੇਲ੍ਹ ਕੇ ਮੌਤ ਦੇ ਮੂੰਹ ਜਾ ਪਏ ਨੌਜਵਾਨ ਰਾਜਬੀਰ ਸਿੰਘ ਦੇ ਭੋਗ/ਸ਼ਰਧਾਂਜਲੀ ਸਮਾਗਮ ਵਿੱਚ ਵੀ ਕਿਸਾਨਾਂ ਦੀ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਟੌਲ ਟੈਕਸ ਵਿਰੁੱਧ ਪੱਕੇ ਮੋਰਚਿਆਂ ਵਿੱਚ ਡਟੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਹਮਾਇਤ ਵਿੱਚ ਜਥੇਬੰਦੀ ਵੱਲੋਂ 5 ਜਨਵਰੀ ਨੂੰ 18 ਜ਼ਿਲ੍ਹਿਆਂ ਵਿੱਚ ਕਈ ਜਗ੍ਹਾ ਪੱਕੇ ਮੋਰਚੇ ਵਿੱਚ ਹਮਾਇਤੀ ਸ਼ਮੂਲੀਅਤ ਸਣੇ ਹੋਰ ਵੀ ਕਈ ਟੌਲ ਪਲਾਜ਼ੇ 12 ਤੋਂ 3 ਵਜੇ ਤੱਕ ਜਾਮ ਕੀਤੇ ਜਾਣਗੇ। ਇਸ ਤੋਂ ਇਲਾਵਾ ਜਲੰਧਰ ਸ਼ਹਿਰ ਦੀ ਲਤੀਫਪੁਰਾ ਬਸਤੀ ਦੇ 50 ਤੋਂ ਵੱਧ ਪ੍ਰਵਾਰਾਂ ਦੇ ਬੇਕਿਰਕ ਮੁੜ-ਉਜਾੜੇ ਵਿਰੁੱਧ ਘੋਲ ਅਤੇ ਕਈ ਥਾਂਈਂ ਸਥਾਨਕ ਮੁੱਦਿਆਂ ‘ਤੇ ਚੱਲ ਰਹੇ ਘੋਲ਼ਾਂ ਵਿੱਚ ਵੀ ਜਥੇਬੰਦੀ ਵੱਲੋਂ ਲਗਾਤਾਰ ਲਾਮਬੰਦੀਆਂ ਜੁਟਾਈਆਂ ਜਾ ਰਹੀਆਂ ਹਨ। ਵੱਖ ਵੱਖ ਥਾਈਂ ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾਂ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਹਰਿੰਦਰ ਕੌਰ ਬਿੰਦੂ, ਕਮਲਦੀਪ ਕੌਰ ਬਰਨਾਲਾ, ਜਸਵੀਰ ਕੌਰ ਉਗਰਾਹਾਂ, ਕੁਲਦੀਪ ਕੌਰ ਕੁੱਸਾ, ਗੁਰਪ੍ਰੀਤ ਕੌਰ ਬਰਾਸ ਅਤੇ ਜ਼ਿਲ੍ਹਾ/ਬਲਾਕ/ਪਿੰਡ ਪੱਧਰ ਦੇ ਆਗੂ ਸ਼ਾਮਲ ਸਨ।

Leave a Reply

Your email address will not be published. Required fields are marked *