ਚੰਡੀਗੜ੍ਹ : ਗੁਰੂ ਨਾਨਕ ਦੇਵ ਇੰਜੀਨੀਰਿੰਗ ਕਾਲਜ ਬਿਦਰ ਦੇ ਇੱਕ ਸਮਾਰੋਹ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਸ. ਜੋਗਾ ਸਿੰਘ ਜੀ ਕਲਿਆਣ ਐਵਾਰਡ ਨਾਲ ਸਨਮਾਨ ਕੀਤਾ ਗਿਆ। ਪੰਜਾਬ ਵਿਧਾਨ ਸਭਾ ਦੇ ਇਕ ਬੁਲਾਰੇ ਅਨੁਸਾਰ ਇਹ ਐਵਾਰਡ ਬੀਤੀ ਸ਼ਾਮ ਕਰਨਾਟਕਾ ਦੇ ਰਾਜਪਾਲ ਥੀਵਰ ਚੰਦ ਗਹਿਲੋਤ ਨੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੁਲਤਾਰ ਸਿੰਘ ਸੰਧਵਾਂ ਨੂੰ ਦਿੱਤਾ।
ਸ. ਸੰਧਵਾਂ ਨੇ ਇੰਜੀਨੀਰਿੰਗ ਦੀ ਪੜ੍ਹਾਈ ਇਸੇ ਕਾਲਜ ਤੋਂ ਕੀਤੀ ਹੈ ਅਤੇ ਇਹ ਐਵਾਰਡ ਗੁਰੂ ਨਾਨਕ ਦੇਵ ਇੰਜੀਨੀਰਿੰਗ ਕਾਲਜ ਬਿਦਰ ਦੇ ਪ੍ਰਮੁੱਖ ਅਲੂਮਨੀ ਨੂੰ ਦਿੱਤਾ ਜਾਂਦਾ ਹੈ। ਸ੍ਰੀ ਗੁਰੂ ਨਾਨਕ ਝੀਰਾ ਸਾਹਿਬ ਫਾਊਂਡੇਸ਼ਨ ਬਿਦਰ ਵੱਲੋਂ ਕਾਲਜ ਕੈਂਪਸ ‘ਚ ਆਯੋਜਿਤ ਕਰਵਾਏ ਗਏ ਇਸ ਸਮਾਰੋਹ ਦੌਰਾਨ ਗਹਿਲੋਤ ਨੇ ਸ. ਸੰਧਵਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ।
ਇਸ ਮੌਕੇ ਸ. ਸੰਧਵਾਂ ਨੇ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਫਾਊਂਡੇਸ਼ਨ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਸ. ਸੰਧਵਾਂ ਇਸ ਸਮੇਂ ਦੱਖਣੀ ਭਾਰਤ ਦੇ ਸੂਬਿਆਂ ਦੇ ਦੌਰੇ ’ਤੇ ਗਏ ਹੋਏ ਹਨ। ਇਸ ਤੋਂ ਪਹਿਲਾਂ ਸ. ਸੰਧਵਾਂ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਮੁੱਖ ਜੱਥੇਦਾਰ ਸ. ਕੁਲਵੰਤ ਸਿੰਘ ਨੇ ਉਨ੍ਹਾਂ ਦਾ ਸੁਆਗਤ ਕੀਤਾ।